ਬਰਨਾਲਾ 11 ਮਈ ( ਨਿਰਮਲ ਸਿੰਘ ਪੰਡੋਰੀ )-
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦੀ ਕਿਤਾਬ “ਪਹੁੰਚ” ਵੱਖ ਵੱਖ ਵਿਭਾਗਾਂ ਰਾਹੀ ਆਮ ਲੋਕਾਂ ਨੂੰ ਮੁਫ਼ਤ ਵੰਡੀ ਜਾ ਰਹੀ ਹੈ ਤਾਂ ਜੋ ਆਮ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਣ।ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੇਵਾ ਕੇਂਦਰਾਂ, ਫ਼ਰਦ ਕੇਂਦਰਾਂ, ਪਟਵਾਰੀਆਂ, ਪੰਚਾਇਤ ਸਕੱਤਰਾਂ ਤੇ ਸਾਰੇ ਵਿਭਾਗਾਂ ਰਾਹੀਂ ਆਮ ਲੋਕਾਂ ਤੱਕ ਇਹ ਕਿਤਾਬ ਪਹੁੰਚਾਈ ਜਾ ਰਹੀ ਹੈ।ਇਸ ਤੋਂ ਇਲਾਵਾ ਇਹ ਕਿਤਾਬ ਡਿਜੀਟਲ ਰੂਪ ‘ਚ ਵੀ ਉਪਲਭਧ ਹੈ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ www.barnala.gov.in ਤੋਂ ਜਾਂ ਸੇਵਾ ਕੇਂਦਰਾਂ ਤੇ ਹੋਰ ਦਫਤਰਾਂ ਵਿਚ ਕਿਊਆਰ ਕੋਡ ਸਕੈਨ ਕਰਕੇ ਵੀ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੇਵਾ ਕੇਂਦਰ ਵਿਖੇ ਸੇਵਾਵਾਂ ਲੈਣ ਆਏ ਮਨਪ੍ਰੀਤ ਸਿੰਘ ਨੇ ਦਸਿਆ ਕਿ ਉਹ ਇਥੇ ਕਿਸੇ ਕੰਮ ਆਇਆ ਸੀ ਤੇ ਉਸਨੇ ਪਹੁੰਚ ਦਾ ਕਿਊਆਰ ਕੋਡ ਦੇਖਿਆ ਤੇ ਸਕੈਨ ਕੀਤਾ, ਜੋ ਕਿ ਬਹੁਤ ਹੀ ਲਾਹੇਵੰਦ ਹੈ। ਇਸ ਪ੍ਰੋਜੈਕਟ ਨਾਲ ਪਿੰਡਾਂ ਦੇ ਲੋਕਾਂ ਤਕ ਘਰ ਬੈਠੇ ਸਕੀਮਾਂ ਦੀ ਸਮੁੱਚੀ ਜਾਣਕਾਰੀ ਪੁੱਜੇਗੀ। ਉਨ੍ਹਾਂ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦਾ ਧੰਨਵਾਦ ਕੀਤਾ।