Skip to main content

Gee 98News

ਭਾਜਪਾ ਬਾਰੇ ਭਗਵੰਤ ਮਾਨ ਦੇ ਤਿੱਖੇ ਟਵੀਟ ਤੋਂ ਬਾਅਦ ਸਿਆਸਤ ਵਿੱਚ ਗਰਮਾਹਟ….!

ਬਰਨਾਲਾ 20 ਮਈ ( ਨਿਰਮਲ ਸਿੰਘ ਪੰਡੋਰੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤੀ ਜਨਤਾ ਪਾਰਟੀ ਸਬੰਧੀ ਕੀਤੇ ਟਵੀਟ ਤੋਂ ਬਾਅਦ ਰਾਜਨੀਤਕ ਮੌਸਮ ‘ਚ ਗਰਮੀ ਪੈਦਾ ਹੋ ਗਈ ਹੈ । ਦਿੱਲੀ ਸਰਕਾਰ ਦੇ ਅਧਿਕਾਰੀਆਂ ਦੀਆਂ ਬਦਲੀਆਂ, ਨਿਯੁਕਤੀਆਂ ਅਤੇ ਵਿਜੀਲੈਂਸ ਨਾਲ ਸਬੰਧਿਤ ਹੋਰ ਅਧਿਕਾਰਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਆਰਡੀਨੈਂਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ ਹਨ । ਆਪਣੇ ਟਵਿੱਟਰ ਅਕਾਊਂਂਟ ‘ਤੇ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਭਗਵੰਤ ਮਾਨ ਨੇ ਲਿਖਿਆ ਹੈ ਕਿ ” ਜੇਕਰ ਭਾਰਤ ਦੇ ਸੰਵਿਧਾਨ ਵਿੱਚ ਲੋਕਤੰਤਰ ਦੇ ਕਾਤਲਾਂ ਨੂੰ ਸਜ਼ਾ ਦੀ ਕੋਈ ਵਿਵਸਥਾ ਹੁੰਦੀ ਤਾਂ ਸਾਰੀ ਭਾਜਪਾ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਸੀ” । ਭਗਵੰਤ ਮਾਨ ਨੇ ਇਕ ਹੋਰ ਟਵੀਟ ਕੀਤਾ ਕਿ “ਜੇਕਰ ਦੇਸ਼ ਨੂੰ 30-31 ਰਾਜਪਾਲ ਅਤੇ ਇੱਕ ਪ੍ਰਧਾਨ ਮੰਤਰੀ ਚਲਾ ਲਵੇ ਤਾਂ ਵੋਟਾਂ ਪਾਉਣ ‘ਤੇ ਕਰੋੜਾਂ /ਅਰਬਾਂ ਰੁਪਏ ਖ਼ਰਚਣ ਦਾ ਕੀ ਫਾਇਦਾ” ? ਜ਼ਿਕਰਯੋਗ ਹੈ ਕਿ 11 ਮਈ ਨੂੰ ਸੁਪਰੀਮ ਕੋਰਟ ਨੇ ਆਪਣੇ ਇਕ ਫ਼ੈਸਲੇ ਵਿੱਚ ਦਿੱਲੀ ਸਰਕਾਰ ਨੂੰ ਅਧਿਕਾਰੀਆਂ ਦੀਆਂ ਨਿਯੁਕਤੀਆਂ ਅਤੇ ਬਦਲੀਆਂ ਦਾ ਅਧਿਕਾਰ ਦਿੱਤਾ ਸੀ ਪ੍ਰੰਤੂ ਕੇਂਦਰ ਸਰਕਾਰ ਨੇ ਇੱਕ ਆਰਡੀਨੈਂਸ ਪਾਸ ਕਰਕੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੂੰ ਪਲਟ ਦਿੱਤਾ ਹੈ, ਜਿਸ ਤੋਂ ਬਾਅਦ ਦਿੱਲੀ ਦੇ ਅਧਿਕਾਰੀਆਂ ਦੀਆਂ ਬਦਲੀਆਂ, ਨਿਯੁਕਤੀਆਂ ਅਤੇ ਵਿਜੀਲੈਂਸ ਨਾਲ ਸਬੰਧਿਤ ਕੰਮਾਂ ਦੀ ਤਾਕਤ ਇਕ ਵਾਰ ਫੇਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਕੋਲ ਆ ਗਈ ਹੈ । ਕੇਂਦਰ ਦੇ ਆਰਡੀਨੈਂਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹਨ ਅਤੇ ਦੋਵੇਂ ਪਾਰਟੀਆਂ ਦੇ ਆਗੂ ਇੱਕ ਦੂਜੇ ਉਪਰ ਤਿੱਖੇ ਹਮਲੇ ਕਰ ਰਹੇ ਹਨ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ ਵੀ ਇਸੇ ਹਮਲੇ ਦਾ ਹਿੱਸਾ ਹਨ ।

error: Content is protected !!