Skip to main content

Gee 98News

ਕਟਾਰੂਚੱਕ ਵੀਡੀਓ : “ਕੇਸ਼ਵ” ਨੇ ਸਿਟ ਮੁਖੀ ਨੂੰ ਲਿਖਿਆ ਪੱਤਰ,ਕੀਤੀ ਮਜ਼ਬੂਰੀ ਜ਼ਾਹਿਰ

ਬਰਨਾਲਾ 20 ( ਨਿਰਮਲ ਸਿੰਘ ਪੰਡੋਰੀ)-ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਦੇ ਦੂਜੇ ਪਾਤਰ ਨੌਜਵਾਨ ਕੇਸ਼ਵ ਵੱਲੋਂ ਜਾਂਚ ਟੀਮ ਨੂੰ ਲਿਖੇ ਦੋ ਪੱਤਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ । ਇਹ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਕੇਸ਼ਵ ਨੇ ਆਪਣੇ ਪੱਤਰ ਵਿੱਚ ਸਿਟ ਮੁੱਖੀ ਡੀਆਈਜੀ ਨਰਿੰਦਰ ਭਾਰਗਵ ਨੂੰ ਲਿਖਿਆ ਹੈ ਕਿ ਉਹ ਜਾਂਚ ਟੀਮ ਦੇ ਸਾਹਮਣੇ ਸਰੀਰਕ ਤੌਰ ‘ਤੇ ਪੇਸ਼ ਨਹੀਂ ਹੋ ਸਕਦਾ ਹੈ ਕਿਉਂਕਿ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਖ਼ਤਰਾ ਹੈ ।‌ ਕੇਸ਼ਵ ਨੇ ਲਿਖਿਆ ਹੈ ਕਿ ਮੰਤਰੀ ਦੇ ਸਮਰਥਕਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।‌ ਉਸ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਜੇਕਰ ਉਹ ਸਾਹਮਣੇ ਆਵੇਗਾ ਤਾਂ ਉਸ ਦਾ ਜਾਨੀ ਨੁਕਸਾਨ ਕੀਤਾ ਜਾ ਸਕਦਾ ਹੈ । ਕੇਸ਼ਵ ਨੇ ਆਪਣੇ ਪੱਤਰਾਂ ਵਿੱਚ ਜਾਂਚ ਅਧਿਕਾਰੀਆਂ ਨੂੰ ਲਿਖਿਆ ਹੈ ਕਿ ਉਸ ਦੀ ਪੇਸ਼ੀ ਵੀਡੀਉ ਕਾਨਫ਼ਰੰਸ ਕੀਤੀ ਜਾ ਸਕਦੀ ਹੈ ਜਾਂ ਫਿਰ ਉਸਦੇ ਬਿਆਨ ਪੰਜਾਬ ਤੋਂ ਕਿਤੇ ਬਾਹਰ ਦਰਜ ਕੀਤੇ ਜਾ ਸਕਦੇ ਹਨ । ਉਸ ਨੇ ਇਹ ਵੀ ਲਿਖਿਆ ਹੈ ਕਿ ਜਾਂਚ ਟੀਮ ਚਾਹੇ ਤਾਂ ਉਸ ਦੀ ਸ਼ਿਕਾਇਤ ਨੂੰ ਹੀ ਉਸਦੇ ਬਿਆਨ ਮੰਨ ਸਕਦੀ ਹੈ । ਦੂਜੇ ਪਾਸੇ ਇਹ ਵੀਡੀਓ ਜਾਰੀ ਕਰਨ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਾਂਚ ਟੀਮ ਨੇ ਇਸ ਮਾਮਲੇ ‘ਚ ਮੰਤਰੀ ਨੂੰ ਅਜੇ ਤੱਕ ਸੰਮਨ ਨਹੀਂ ਕੀਤੇ । ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਗਾਇਆ ਕਿ ਸਰਕਾਰ ਆਪਣੇ ਮੰਤਰੀ ਨੂੰ ਬਚਾ ਰਹੀ ਹੈ । ਕੁੱਲ ਮਿਲਾ ਕੇ ਇਸ ਅਸ਼ਲੀਲ ਵੀਡੀਓ ਦੇ ਦੂਜੇ ਪਾਤਰ ਨੌਜਵਾਨ ਦੇ ਰੁਖ਼ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਇਸ ਮਾਮਲੇ ‘ਚ ਮੰਤਰੀ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ, ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਕੇਸ਼ਵ ਨੂੰ “ਆਪ” ਵਿਰੋਧੀ ਇਕ ਵੱਡੀ ਸਿਆਸੀ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਹੀ ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਦੀ ਅਸ਼ਲੀਲ ਵੀਡੀਓ ਦਾ ਚੈਪਟਰ ਜਲਦੀ ਜਾਂ ਸੌਖਾ ਬੰਦ ਨਹੀਂ ਹੋਵੇਗਾ ।

error: Content is protected !!