ਚੰਡੀਗੜ੍ਹ 21 ਮਈ (ਜੀ98 ਨਿਊਜ਼ ਸਰਵਿਸ)-ਮਾਲ ਵਿਭਾਗ ਪੰਜਾਬ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਰੋਸ ਵਜੋਂ ਸੋਮਵਾਰ 22 ਮਈ ਸਮੂਹਿਕ ਛੁੱਟੀ ‘ਤੇ ਜਾਣ ਦਾ ਫੈਸਲਾ ਕੀਤਾ ਹੈ । ਸੂਬੇ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਪਟਵਾਰੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮਹਿੰਮ ਤਹਿਤ ਆਪਣੇ ਸਾਥੀਆਂ ‘ਤੇ ਛੇਤੀ ਕਾਰਵਾਈ ਦੇ ਰੋਸ ਵਜੋਂ ਇੱਕ ਰੋਜ਼ਾ ਸਮੂਹਿਕ ਛੁੱਟੀ ‘ਤੇ ਜਾ ਰਹੇ ਹਨ । ਪੰਜਾਬ ਰੈਵਿਨਊ ਆਫ਼ੀਸਰਜ਼ ਐਸੋਸੀਏਸ਼ਨ ਦੀ ਜੀਰਕਪੁਰ ਵਿਖੇ ਹੋਈ ਇੱਕ ਮੀਟਿੰਗ ਵਿੱਚ ਵਿਜੀਲੈਂਸ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ । ਮਾਲ ਵਿਭਾਗ ਦੇ ਅਧਿਕਾਰੀ ਇਸ ਗੱਲੋਂ ਔਖੇ ਹਨ ਕਿ ਕਿਸੇ ਵੀ ਅਧਿਕਾਰੀ ਦੀ ਸ਼ਿਕਾਇਤ ਹੋਣ ਤੋਂ ਬਾਅਦ ਉਸਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ, ਸਗੋਂ ਸਿੱਧੇ ਮੁਅੱਤਲੀ ਦੇ ਆਰਡਰ ਕਰ ਦਿੱਤੇ ਜਾਂਦੇ ਹਨ । ਮੀਟਿੰਗ ਵਿੱਚ ਪਿਛਲੇ ਦਿਨੀਂ ਮੌੜ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦਾ ਮੁੱਦਾ ਵੀ ਵਿਸ਼ੇਸ਼ ਤੌਰ ‘ਤੇ ਉੱਭਰਿਆ । ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਸੰਕੇਤਕ ਰੋਸ ਵਜੋਂ ਸਾਰੇ ਅਧਿਕਾਰੀ ਇਕ ਰੋਜ਼ਾ ਸੋਮਵਾਰ ਸਮੂਹਿਕ ਛੁੱਟੀ ‘ਤੇ ਜਾਣਗੇ । ਜੇਕਰ ਵਿਜੀਲੈਂਸ ਨੇ ਮਾਲ ਅਧਿਕਾਰੀਆਂ ਖ਼ਿਲਾਫ਼ ਇਸੇ ਤਰਾਂ ਇਕਤਰਫ਼ਾ ਕਾਰਵਾਈ ਜਾਰੀ ਰੱਖੀ ਤਾਂ ਪੰਜਾਬ ਰੈਵਿਨਊ ਆਫ਼ੀਸਰਜ਼ ਐਸੋਸੀਏਸ਼ਨ ਨੇ ਭਵਿੱਖ ਵਿਚ ਸਖ਼ਤ ਐਕਸ਼ਨ ਦੀ ਚਿਤਾਵਨੀ ਵੀ ਦਿੱਤੀ । ਮੀਟਿੰਗ ਦੌਰਾਨ ਮਾਲ ਵਿਭਾਗ ਦੇ ਅਧਿਕਾਰੀਆਂ ਦੀਆਂ ਹੋਰ ਮੰਗਾਂ ਪ੍ਰਤੀ ਵੀ ਵਿਚਾਰ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਸਰਕਾਰ ਅਧਿਕਾਰੀਆਂ ਦੀਆਂ ਇਹਨਾਂ ਮੰਗਾਂ ਵੱਲ ਵੀ ਧਿਆਨ ਦੇਵੇ ।







