Gee 98News

UCC : ਆਮ ਆਦਮੀ ਪਾਰਟੀ ਨੇ ਕੀਤੀ ਭਾਜਪਾ ਦੀ ਹਮਾਇਤ…!

-ਮੋਦੀ ਸਰਕਾਰ UCC ‘ਤੇ ਆਮ ਸਹਿਮਤੀ ਬਣਾਵੇ-ਸੰਦੀਪ ਪਾਠਕ
ਚੰਡੀਗੜ੍ਹ,29 ਜੂਨ-ਆਮ ਆਦਮੀ ਪਾਰਟੀ ਨੇ ਯੂਨੀਫ਼ਾਰਮ ਸਿਵਲ ਕੋਡ ( UCC ) ਬਣਾਉਣ ਸਬੰਧੀ ਮੋਦੀ ਸਰਕਾਰ ਦੀ ਹਮਾਇਤ ਕੀਤੀ ਹੈ । ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ “ਅਸੀਂ ਕਾਨੂੰਨ ਦੀ ਹਮਾਇਤ ਕਰਦੇ ਹਾਂ । ਉਹਨਾਂ ਕਿਹਾ ਕਿ ਯੂਨੀਫ਼ਾਰਮ ਸਿਵਲ ਕੋਡ ਲਈ ਸਾਰੇ ਧਰਮਾਂ, ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਸਾਰੇ ਸੰਗਠਨਾਂ ਨਾਲ ਮਸ਼ਵਰਾ ਕਰਕੇ ਆਮ ਸਹਿਮਤੀ ਬਣਾਉਣੀ ਚਾਹੀਦੀ ਹੈ” । ਜੇਕਰ ਯੂਨੀਫ਼ਾਰਮ ਸਿਵਲ ਕੋਡ ਸੰਬੰਧੀ ਬਿੱਲ ਸੰਸਦ ਵਿਚ ਪੇਸ਼ ਹੁੰਦਾ ਹੈ ਤਾਂ ਇਸ ਨੂੰ ਪਾਸ ਕਰਵਾਉਣ ਲਈ ਦੋ ਤਿਹਾਈ ਬਹੁਮਤ ਦੀ ਜ਼ਰੂਰਤ ਹੈ । ਧਿਆਨਦੇਣਯੋਗ ਹੈ ਕਿ ਐਨਡੀਏ ਦੇ ਲੋਕ ਸਭਾ ‘ਚ 330 ਅਤੇ ਰਾਜ ਸਭਾ ‘ਚ 110 ਸੰਸਦ ਹਨ । ਬਿੱਲ ਪਾਸ ਕਰਵਾਉਣ ਲਈ ਲੋਕ ਸਭਾ ‘ਚ 362 ਅਤੇ ਰਾਜ ਸਭਾ ‘ਚ 167 ਸੰਸਦਾਂ ਦੀ ਹਮਾਇਤ ਚਾਹੀਦੀ ਹੈ । ਦੂਜੇ ਪਾਸੇ ਲਾਅ ਕਮਿਸ਼ਨ ਨੇ ਯੂਨੀਫ਼ਾਰਮ ਸਿਵਲ ਕੋਡ ਬਿੱਲ ਸਬੰਧੀ ਆਮ ਲੋਕਾਂ, ਧਾਰਮਿਕ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਦੀ ਸਲਾਹ ਮੰਗੀ ਹੈ । ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਹ ਕਾਨੂੰਨ ਬਣਾਉਣ ਲਈ ਪੂਰੀ ਨਿੱਜੀ ਦਿਲਚਸਪੀ ਲੈ ਰਹੇ ਹਨ । ਦੱਸ ਦਈਏ ਕਿ ਯੂਨੀਫ਼ਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਸ਼ਾਦੀ, ਤਲਾਕ ਅਤੇ ਜ਼ਮੀਨ ਜਾਇਦਾਦ ਦੀ ਵੰਡ ਦੇ ਮਾਮਲੇ ‘ਚ ਸਾਰੇ ਧਰਮਾਂ ‘ਤੇ ਇਕੋ ਹੀ ਕਾਨੂੰਨ ਲਾਗੂ ਹੋਵੇਗਾ । ਭਾਜਪਾ ਸਰਕਾਰ “ਇੱਕ ਦੇਸ਼ ਇਕ ਨਿਯਮ” ਤਹਿਤ ਇਹ ਕਾਨੂੰਨ ਲੈ ਕੇ ਆ ਰਹੀ ਹੈ । ਜ਼ਿਕਰਯੋਗ ਹੈ ਕਿ ਦਿੱਲੀ ਵਿਚ ਸਰਕਾਰ ਤੇ ਲੈਫਟੀਨੈਂਟ ਗਵਰਨਰ ਦੇ ਅਧਿਕਾਰਾਂ ਸਬੰਧੀ ਕੇਂਦਰ ਵੱਲੋਂ ਪਾਸ ਆਰਡੀਨੈਂਸ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਨੂੰ ਇੱਕ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ, ਅਜਿਹੇ ਵਿੱਚ “ਆਪ” ਵੱਲੋਂ ਮੋਦੀ ਸਰਕਾਰ ਦੇ ਕਿਸੇ ਕਾਨੂੰਨ ਦਾ ਸਮਰਥਨ ਕਰਨ ਦੀ ਗੱਲ ਧਿਆਨ ਮੰਗਦੀ ਹੈ ।

error: Content is protected !!