Gee 98News

ਬਰਨਾਲਾ 3 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਵਾਤਾਵਰਣ ਦਾ ਪ੍ਰਦੂਸ਼ਣ ਅਜੋਕੇ ਸਮਾਜ ਲਈ ਹੀ ਨਹੀਂ ਬਲਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਖਤਰਨਾਕ ਬਣਦਾ ਜਾ ਰਿਹਾ ਹੈ । ਵਾਤਾਵਰਣ ਪ੍ਰਦੂਸਨ ਤੋਂ ਛੁਟਕਾਰਾ ਪਾਉਣ ਦਾ ਇੱਕੋ-ਇੱਕ ਕਾਰਗਰ ਅਤੇ ਸੌਖਾ ਤਰੀਕਾ ਹੈ ਕਿ ਧਰਤੀ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਅਤੇ ਗ੍ਰੀਨ ਇਨਕਲੇਵ ਦੇ ਚੇਅਰਮੈਨ ਸੇਠ ਬਾਬੂ ਲੱਖਪਤ ਰਾਏ ਨੇ ਕਿਹਾ ਕਿ ਬਰਸਾਤ ਦਾ ਘੱਟ ਹੋਣਾ ਜਾਂ ਨਾ ਹੋਣ ਦਾ ਕਾਰਨ ਵੀ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੀ ਹੈ । ਉਨ੍ਹਾਂ ਕਿਹਾ ਕਿ ਹਰ ਇਕ ਮਨੁੱਖ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਕ ਪੌਦਾ ਲਗਾ ਕੇ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਾਹ ਲੈਣ ਲਈ ਸਾਫ਼ ਸੁਥਰਾ ਵਾਤਾਵਰਣ ਦੇ ਸਕੀਏ ।ਉਨ੍ਹਾਂ ਕਿਹਾ ਕਿ ਸਾਉਣ ਦਾ ਮਹੀਨਾ ਬਾਰਿਸ਼ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਜੇਕਰ ਅਜਿਹੇ ਮੌਸਮ ‘ਚ ਹਰ ਵਿਅਕਤੀ ਆਪਣਾ ਇਖਲਾਕੀ ਤੇ ਸਮਾਜਿਕ ਫਰਜ ਸਮਝਦਿਆਂ ਪੌਦੇ ਲਾਉਣ  ਤਾਂ ਉਨ੍ਹਾਂ ਨੂੰ ਬਾਰਿਸ਼ ਦਾ ਪਾਣੀ ਲੱਗ ਜਾਣ ਕਾਰਣ ਉਨ੍ਹਾਂ ਨੂੰ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ, ਦੂਸਰਾ ਇਸ ਮੌਸਮ ‘ਚ ਲਗਾਏ ਗਏ ਪੌਦੇ ਛੇਤੀ ਵਿਕਸਿਤ ਹੁੰਦੇ ਹਨ। ਦਰੱਖਤਾਂ ਨੂੰ ਲਾਉਣਾ ਹੀ ਕਾਫੀ ਨਹੀਂ ਉਹਨਾਂ ਦੀ ਦੇਖਭਾਲ ਆਪਣੇ ਬੱਚਿਆਂ ਦੀ ਪਰਵਰਿਸ਼ ਵਾਂਗੂ ਕਰਨੀ ਜਰੂਰੀ ਬਣਦੀ ਹੈ ਤਾਂ ਜੋ ਦਰੱਖਤਾਂ ਦੀ ਕੀਤੀ ਅੱਜ ਦੀ  ਰਾਖੀ ਕੱਲ ਦੀ ਖੁਸ਼ਹਾਲ ਜਿੰਦਗੀ  ਬਣੇਗੀ, ਉਨ੍ਹਾਂ ਕਿਹਾ ਕਿ ਪੌਦੇ ਨਾ ਸਿਰਫ਼ ਘਰ ਅਤੇ ਆਪਣੇ ਆਸ ਪਾਸ ਦੀ ਸੁੰਦਰਤਾ ਨੂੰ ਵਧਾਉਂਦੇ ਹਨ, ਬਲਕਿ ਵਾਤਾਵਰਣ ਨੂੰ ਵੀ ਸੁਹਾਵਣਾ ਰੱਖਦੇ ਹਨ। ਇਸ ਲਈ ਫਲਦਾਰ, ਛਾਂਦਾਰ ਅਤੇ ਮੈਡੀਕੇਟਡ ਪੌਦੇ ਲਗਾਉਣੇ ਚਾਹੀਦੇ ਹਨ, ਤਾਂਕਿ ਵਾਤਾਵਰਣ ਨੂੰ ਸਾਫ ਰੱਖਣ ਦੇ ਨਾਲ ਨਾਲ ਉਨ੍ਹਾਂ ਤੋਂ ਕੀਮਤੀ ਜੜੀਆਂ ਬੂਟੀਆਂ ਵੀ ਪ੍ਰਾਪਤ ਹੋ ਸਕਣ, ਜੋ ਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ‘ਚ ਬਹੁਤ ਹੀ ਰਾਮਬਾਣ ਸਾਬਤ ਹੁੰਦੀਆਂ ਹਨ। ਜਿਵੇਂ ਕਿ ਤੁਲਸੀ ਦਾ ਪੌਦਾ ਅਤੇ ਨਿੰਮ ਦਾ ਪੌਦਾ ਬਹੁਤ ਹੀ ਲਾਭਦਾਇਕ ਹੁੰਦਾ ਹੈ, ਇਨ੍ਹਾਂ ਪੌਦਿਆਂ ਦਾ ਇਸਤੇਮਾਲ ਬਹੁਤ ਸਾਰੀਆਂ ਦਵਾਈਆਂ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਜਿੰਨਾ ਹੋ ਸਕੇ, ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਤਾਂਕਿ ਅਸੀ ਵਾਤਾਵਰਣ ਨੂੰ ਸਾਫ਼ ਅਤੇ ਸਵੱਛ ਰੱਖ ਸਕੀਏ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਕ ਸਾਫ਼ ਸੁਥਰਾ ਵਾਤਾਵਰਣ ਤੇ ਆਕਸੀਜਨ ਭਰਪੂਰ ਜਿੰਦਗੀ ਦੇ ਸਕੀਏ।

Leave a Reply

Your email address will not be published. Required fields are marked *

error: Content is protected !!