ਬਰਨਾਲਾ, 27 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਜ਼ਿਲ੍ਹੇ ਦੇ ਥਾਣਾ ਧਨੌਲਾ ਅਧੀਨ ਅਕਾਲਗੜ੍ਹ ਕੋਠੇ ਨਿਵਾਸੀ ਇੱਕ ਨੌਜਵਾਨ ਦੀ ਖੇਤ ਦੇ ਗੁਆਂਢੀ ਪਿਉ-ਪੁੱਤ ਵੱਲੋਂ ਚਾਕੂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲਗੜ੍ਹ ਕੋਠੇ ਨਿਵਾਸੀ ਬਿੱਟੂ ਸਿੰਘ (35) ਪੁੱਤਰ ਸੁਖਦੇਵ ਸਿੰਘ ਧਨੌਲਾ ਦੇ ਵਿਸ਼ਵ ਪ੍ਰਸਿੱਧ ਪ੍ਰਾਚੀਨ ਹਨੂਮਾਨ ਮੰਦਰ ਦੇ ਨਜ਼ਦੀਕ ਆਪਣੇ ਖੇਤ ਕੰਮ ਕਰ ਰਿਹਾ ਸੀ, ਇਸ ਦੌਰਾਨ ਭੁਪਿੰਦਰ ਸਿੰਘ ਅਤੇ ਉਸ ਦਾ ਪਿਤਾ ਮੁਖਤਿਆਰ ਸਿੰਘ ਦੋਵੇਂ ਜਣੇ ਬਿੱਟੂ ਸਿੰਘ ਦੇ ਕੋਲ ਆਏ ਅਤੇ ਨਹਿਰੀ ਪਾਣੀ ਦੇ ਮਾਮਲੇ ‘ਚ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਝਗੜੇ ਦੌਰਾਨ ਹੀ ਭੁਪਿੰਦਰ ਸਿੰਘ ਅਤੇ ਮੁਖਤਿਆਰ ਸਿੰਘ ਨੇ ਬਿੱਟੂ ਸਿੰਘ ਦੇ ਪੇਟ ‘ਚ ਚਾਕੂ ਦੇ ਵਾਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ । ਘਟਨਾ ਦੀ ਸੂਚਨਾ ਮਿਲਣ ‘ਤੇ ਬਿੱਟੂ ਸਿੰਘ ਦੇ ਪਰਿਵਾਰਕ ਮੈਂਬਰ ਖੇਤ ਪੁੱਜੇ ਅਤੇ ਉਸਨੂੰ ਸਿਵਲ ਹਸਪਤਾਲ ਬਰਨਾਲਾ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਬਿੱਟੂ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਿੱਟੂ ਸਿੰਘ ਦੇ ਭਰਾ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਭੁਪਿੰਦਰ ਸਿੰਘ ਅਤੇ ਮੁਖਤਿਆਰ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।









