Gee 98News

ਸਾਵਧਾਨ ! ਵਿਗੜ ਰਿਹੈ,ਸਰਦਾਰ ਸੇਵਾ ਸਿੰਘ ਠੀਕਰੀਵਾਲਾ ਚੌਂਕ ਦਾ ਸਰੂਪ ਅਤੇ ਨਾਮ

ਬਰਨਾਲਾ,29 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਬਰਨਾਲਾ ਦੇ ਠੀਕਰੀਵਾਲਾ ਚੌਂਕ ਵਿੱਚ ਲੱਗੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਅਤੇ ਚੌਂਕ ਪ੍ਰਤੀ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਇਸ ਚੌਂਕ ਅਤੇ “ਸਰਦਾਰ ਜੀ” ਦੇ ਬੁੱਤ ਦੀ ਦਿੱਖ ਵਿਗੜਦੀ ਜਾ ਰਹੀ ਹੈ। ਇਹ ਕੋਈ ਅਤਿਕਥਨੀ ਨਹੀਂ ਕਿ ਸਰਦਾਰ ਸੇਵਾ ਸਿੰਘ ਦੀ ਕੁਰਬਾਨੀ ਅਤੇ ਰੁਤਬੇ ਮੁਤਾਬਕ ਇਸ ਚੌਂਕ ਦੇ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਬੁੱਤ ਦੇ ਆਸ-ਪਾਸ ਆਮ ਕਿਸਮ ਦੇ ਹੀ ਪੌਦੇ ਲਗਾਏ ਗਏ ਹਨ ਜਦਕਿ ਅਨੇਕਾਂ ਤਰ੍ਹਾਂ ਦੇ ਹੋਰ ਸਜਾਵਟੀ ਪੌਦੇ ਵੀ ਹਨ ਜਿਨ੍ਹਾਂ ਨੂੰ ਲਗਾ ਕੇ ਸਰਦਾਰ ਜੀ ਵੀ ਯਾਦ ਵਿੱਚ ਬਣੇ ਇਸ ਚੌਂਕ ਨੂੰ ਹੋਰ ਸੁੰਦਰ ਬਣਾਇਆ ਜਾ ਸਕਦਾ ਹੈ ਪਰੰਤੂ ਕਿਸੇ ਨੇਤਾ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਇਸ ਪਾਸੇ ਧਿਆਨ ਨਹੀਂ ਹੈ । ਇਹ ਵੀ ਧਿਆਨਦੇਣ ਯੋਗ ਹੈ ਕਿ ਸਰਦਾਰ ਸੇਵਾ ਸਿੰਘ ਜੀ ਦੇ ਬੁੱਤ ਉੱਪਰ ਕੋਈ ਛੱਤਰੀ ਵੀ ਨਹੀਂ ਬਣਾਈ ਗਈ, ਜਿਸ ਕਰਕੇ ਜਿਆਦਾ ਧੁੱਪਾਂ ਕਾਰਨ ਰੰਗ ਵੀ ਬਦਲ ਰਿਹਾ ਹੈ। ਇਹ ਵੀ ਹੈਰਾਨੀਜਨਕ ਅਤੇ ਦੁੱਖ ਦੀ ਗੱਲ ਹੈ ਕਿ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਯਾਦ ਵਿੱਚ ਇਹ ਚੌਂਕ ਕਈ ਵਰ੍ਹਿਆਂ ਤੋਂ ਬਣਿਆ ਹੋਇਆ ਹੈ ਅਤੇ ਇਸ ਚੌਂਕ ਨੂੰ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਚੌਂਕ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ ਪਰੰਤੂ ਅੱਜਕੱਲ੍ਹ ਆਮ ਲੋਕ ਇਸ ਚੌਂਕ ਨੂੰ ਨੇੜੇ ਹੀ ਬਣੇ ਇੱਕ ਪ੍ਰਾਈਵੇਟ ਹਸਪਤਾਲ ਦੇ ਨਾਮ ਨਾਲ ਹੀ ਜ਼ਿਆਦਾ ਜਾਣ ਰਹੇ ਹਨ । ਆਮ ਲੋਕਾਂ ਦੀ ਗੱਲ ਤਾਂ ਛੱਡੋ ਸਗੋਂ ਜ਼ਿਲ੍ਹੇ ਦੇ ਕੁਝ ਅਧਿਕਾਰੀ ਵੀ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਚੌਂਕ ਨੂੰ ਪ੍ਰਾਈਵੇਟ ਹਸਪਤਾਲ ਦੇ ਨਾਮ ‘ਤੇ ਹੀ ਲਿਖਦੇ ਅਤੇ ਜਾਣਦੇ ਹਨ। ਇਸ ਸਬੰਧੀ ਗੱਲ ਬਾਤ ਕਰਦੇ ਹੋਏ ਭਾਜਪਾ ਆਗੂ ਜਸਪ੍ਰੀਤ ਹੈਪੀ ਠੀਕਰੀਵਾਲਾ ਨੇ ਕਿਹਾ ਕਿ ਇਹ ਦੁੱਖਦਾਇਕ ਪਹਿਲੂ ਹੈ ਕਿ ਦੇਸ਼ ਦੀ ਆਜ਼ਾਦੀ ਖਾਤਰ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਨੂੰ ਅਸੀਂ ਮਨੋ ਵਿਸਾਰਦੇ ਜਾ ਰਹੇ ਹਾਂ । ਉਨ੍ਹਾਂ ਮੰਨਿਆ ਕਿ ਇਸ ਸੱਚਾਈ ਹੈ ਕਿ ਲੋਕ ਵਰ੍ਹਿਆਂ ਤੋਂ ਬਣੇ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਚੌਂਕ ਨੂੰ ਕੁਝ ਸਾਲ ਪਹਿਲਾਂ ਬਣੇ ਪ੍ਰਾਈਵੇਟ ਹਸਪਤਾਲ ਦੇ ਨਾਮ ਨਾਲ ਜਾਣਨ ਲੱਗੇ ਹਨ । ਇਸ ਮਾਮਲੇ ‘ਚ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਔਲਖ ਨੇ ਕਿਹਾ ਕਿ ਉਹ ਰਾਏਕੋਟ ਦੇ ਹਰੀ ਸਿੰਘ ਨਲਵਾ ਚੌਂਕ ਵਾਂਗ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੇ ਚੌਕ ਦੇ ਨਾਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸੋਸ਼ਲ ਮੀਡੀਆ ‘ਤੇ ਪਿੰਡ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਇੱਕ ਮੁਹਿੰਮ ਸ਼ੁਰੂ ਕਰਨਗੇ । ਪ੍ਰਧਾਨ ਜਗਸੀਰ ਸਿੰਘ ਔਲਖ ਨੇ ਕਿਹਾ ਕਿ ਉਹ ਚੌਂਕ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਦੀ ਖ਼ਾਤਰ ਡਿਪਟੀ ਕਮਿਸ਼ਨਰ ਨੂੰ ਵੀ ਮਿਲਣਗੇ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਯਤਨ ਕੀਤੇ ਜਾਣਗੇ।

error: Content is protected !!