-ਟੂਟੀਆਂ ਦੀ ਲੀਕੇਜ ਕਾਰਨ ਹੋਰ ਰਿਹਾ ਪਾਣੀ ਬਰਬਾਦ
-ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ ਗੰਦਗੀ
ਬਰਨਾਲਾ 29 ਜੁਲਾਈ ( ਸੋਨੀ ਧਨੌਲਾ )-
ਇੱਕ ਪਾਸੇ ਤਾਂ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਵੱਛਤਾ ਮੁਹਿੰਮ ਤਹਿਤ ਸ਼ਹਿਰ ਦੇ ਆਸ-ਪਾਸ ਸਾਫ਼ ਸਫ਼ਾਈ ਰੱਖਣ ਸਬੰਧੀ ਸਮੇਂ ਸਮੇਂ ‘ਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਪਰ ਦੂਸਰੇ ਪਾਸੇ ਹਰੀਕਤ ’ਚ ਕੁੱਝ ਹੋਰ ਹੀ ਦਿਖਾਈ ਦਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਤਹਿਸੀਲ ਕੰਪਲੈਕਸ ’ਚ ਸਾਹਮਣੇ ਆਇਆ ਜਿੱਥੇ ਤਹਿਸੀਲ ਕੰਪਲੈਕਸ ’ਚ ਬਿਲਡਿੰਗ ’ਚ ਪਖਾਨਿਆਂ/ਵਾਸ਼ਰੂਮਾਂ ’ਚ ਗੰਦਗੀ ਦੀ ਭਰਮਾਰ ਹੈ ਅਤੇ ਪਾਇਪਾਂ ਤੇ ਟੂਟੀਆਂ ਲੀਕ ਹੋਣ ਕਾਰਨ ਹਜ਼ਾਰਾਂ ਲੀਟਰ ਪਾਣੀ ਰੋਜ਼ਾਨਾ ਬਰਬਾਦ ਹੋ ਰਿਹਾ ਹੈ।
-ਕਈ ਵਾਰ ਹੋ ਚੁੱਕੀ ਹੈ, ਮੁਰੰਮਤ
ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ ਦੀ ਹੇਠਲੀ ਤੇ ਉੱਪਰਲੀ ਮੰਜ਼ਿਲ ’ਚ ਮਰਦਾਂ ਤੇ ਔਰਤਾਂ ਲਈ ਪਖ਼ਾਨੇ ਬਣਾਏ ਗਏ ਹਨ। ਇਨ੍ਹਾਂ ਪਖ਼ਾਨਿਆਂ ਦੀ ਸਾਫ਼ ਸਫ਼ਾਈ ਲਈ ਨਾ ਤਾਂ ਕੋਈ ਸਫ਼ਾਈ ਸੇਵਕ ਰੱਖਿਆ ਗਿਆ ਹੈ ਤੇ ਨਾ ਹੀ ਇਨ੍ਹਾਂ ਦੀ ਹਾਲਤ ਵੱਲ ਕਿਸੇ ਦਾ ਧਿਆਨ ਹੈ। ਪਖਾਨਿਆਂ ’ਤੇ ਹਜ਼ਾਰਾਂ ਰੁਪਏ ਖ਼ਰਚ ਕਰਕੇ ਇਨ੍ਹਾਂ ਦੀ ਕਈ ਵਾਰ ਮੁਰੰਮਤ ਹੋ ਚੁੱਕੀ ਹੈ, ਪਰ ਸਮੱਸਿਆ ਉਸੇ ਤਰ੍ਹਾਂ ਹੀ ਬਣੀ ਰਹਿੰਦੀ ਹੈ। ਪਖ਼ਾਨਿਆਂ ਦੇ ਨਜ਼ਦੀਕ ਕਈ ਦਫ਼ਤਰ ਹਨ, ਜਿੱਥੇ ਬੈਠੇ ਮੁਲਾਜ਼ਮ ਤੇ ਰੋਜ਼ਾਨਾ ਕੰਮਕਾਜ ਕਰਵਾਉਣ ਲਈ ਆਏ ਲੋਕ ਵਾਸ਼ਰੂਮਾਂ ’ਚ ਮਾਰਦੀ ਭਿਆਨਕ ਬਦਬੂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ। ਪਰ ਇਸ ਸਮੱਸਿਆ ਵੱਲ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈ।

-ਔਰਤਾਂ ਦੇ ਬਾਥਰੂਮਾਂ ਨੂੰ ਲੱਗਿਆ ਜਿੰਦਰਾ
ਤਹਿਸੀਲ ਕੰਪਲੈਕਸ ’ਚ ਉੱਪਰਲੀ ਮੰਜਿਲ ’ਤੇ ਔਰਤਾਂ ਲਈ ਬਣਾਏ ਗਏ ਵਾਸ਼ਰੂਮਾਂ ਨੂੰ ਜਿੰਦਰਾ ਲਗਾ ਦਿੱਤਾ ਜਾਂਦਾ ਹੈ, ਜਿਸ ਕਾਰਨ ਰੋਜ਼ਾਨਾ ਕੰਮਕਾਜ ਲਈ ਆਉਣ ਵਾਲੀਆਂ ਔਰਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਜ਼ੁਰਗ ਔਰਤਾਂ ਲਈ ਹੇਠਾਂ ਕੋਈ ਵਾਸ਼ਰੂਮ ਨਾ ਹੋਣ ਕਰਕੇ ਕਾਫ਼ੀ ਦਿੱਕਤ ਆਉਂਦੀ ਹੈ। ਕਈ ਵਾਰ ਐਮਰਜੈਂਸੀ ਸਥਿੱਤੀ ’ਚ ਔਰਤਾਂ ਨੂੰ ਮਰਦਾਂ ਦੇ ਬਾਥਰੂਮਾਂ ’ਚ ਹੀ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ।
-ਟੂਟੀਆਂ ਦੀ ਲੀਕੇਜ ਕਾਰਨ ਬਰਬਾਦ ਹੋ ਰਿਹਾ ਹਜ਼ਾਰਾਂ ਲੀਟਰ ਪਾਣੀ
ਵਾਸ਼ਰੂਮਾਂ ’ਚ ਪਾਣੀ ਵਾਲੀਆਂ ਟੂਟੀਆਂ ਦੀ ਲੀਕੇਜ ਹੋਣ ਕਾਰਨ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਦੀ ਬਰਬਾਦੀ ਹੋ ਰਹੀ ਹੈ। ਵਾਸ਼ਰੂਮਾਂ ਦੇ ਬਾਹਰ ਵੀ ਗੰਦਾ ਪਾਣੀ ਓਵਰਫ਼ਲੋ ਹੋ ਕੇ ਖੜਾ ਰਹਿੰਦਾ ਹੈ, ਜਿੱਥੋ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀ ਆਉਂਦੀ ਹੈ ਅਤੇ ਅੰਦਰ ਸਾਫ਼ ਸਫ਼ਾਈ ਦੇ ਵੀ ਮੰਦੜੇ ਹਾਲ ਹਨ ਤੇ ਗੰਦਾ ਪਾਣੀ ਬਾਥਰੂਮਾਂ ’ਚ ਹਰ ਸਮੇਂ ਖੜ੍ਹਾ ਰਹਿੰਦਾ ਹੈ, ਜੋ ਬਿਮਾਰੀਆਂ ਫੈਲਣ ਦਾ ਕਾਰਨ ਬਣ ਰਿਹਾ ਹੈ।
-ਬਾਥਰੂਮਾਂ ਦੀ ਗੰਦਗੀ ਦਾ ਹੋਵੇ ਹੱਲ
ਤਹਿਸੀਲ ਅੰਦਰ ਆਪਣਾ ਕੰਮਕਾਜ ਕਰਵਾਉਣ ਲਈ ਆਏ ਲੋਕਾਂ ਜਰਨੈਲ ਸਿੰਘ, ਨਿਰਭੈ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ, ਹਰਨਾਮ ਸਿੰਘ, ਨਸੀਬ ਕੌਰ ਆਦਿ ਨੇ ਕਿਹਾ ਕਿ ਵਾਸ਼ਰੂਮਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ, ਇਸ ਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਵਾਸ਼ਰੂਮਾਂ ‘ਚ ਗੰਦਾ ਪਾਣੀ ਹਰ ਸਮੇਂ ਖੜਾ ਰਹਿੰਦਾ ਹੈ ਤੇ ਟੂਟੀਆਂ ’ਚੋਂ ਪਾਣੀ ਹਰ ਸਮੇਂ ਲੀਕ ਹੁੰਦਾ ਹੈ। ਸਬੰਧਤ ਅਧਿਕਾਰੀਆਂ ਵਲੋਂ ਇਨ੍ਹਾਂ ਪਖਾਨਿਆਂ ਦੀ ਸਹੀ ਤਰ੍ਹਾਂ ਮੁਰੰਮਤ ਕਰਵਾਈ ਜਾਵੇ ਤੇ ਸਾਫ਼ ਸਫ਼ਾਈ ਲਈ ਕੋਈ ਸਫ਼ਾਈ ਕਰਮਚਾਰੀ ਨੂੰ ਤਾਇਨਾਤ ਕੀਤਾ ਜਾਵੇ।











