Skip to main content

Gee 98News

ਮਹਿੰਦਰ ਸਿੰਘ ਕੇਪੀ ਅਤੇ ਚਰਨਜੀਤ ਸਿੰਘ ਚੰਨੀ ਦੀ “ਕੁੜਮਾਈ” ਨੇ ਜਲੰਧਰ ਦੀ ਚੋਣ ਮੁਹਿੰਮ ਦਿਲਚਸਪ ਬਣਾਈ…!

ਚੰਡੀਗੜ੍ਹ,23 ਅਪ੍ਰੈਲ, Gee98 news service
-ਲੋਕ ਸਭਾ ਹਲਕਾ ਜਲੰਧਰ ਤੋਂ ਜਿੱਤ ਦਾ ਦਾਅਵਾ ਕਰਕੇ ਟਿਕਟ ਲੈਣ ਵਾਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਚੋਣ ਸਥਿਤੀ ਪੇਚੀਦਾ ਬਣਦੀ ਜਾ ਰਹੀ ਹੈ। ਜਲੰਧਰ ਦੇ ਟਕਸਾਲੀ ਕਾਂਗਰਸੀ ਚੌਧਰੀ ਪਰਿਵਾਰ ਨੇ ਚੰਨੀ ਲਈ ਪਹਿਲਾਂ ਹੀ ਮੁਸ਼ਕਲਾਂ ਖੜੀਆਂ ਕੀਤੀਆਂ ਹੋਈਆਂ ਹਨ ਦੂਜੇ ਪਾਸੇ ਇੱਕ ਹੋਰ ਟਕਸਾਲੀ ਪਰਿਵਾਰ ਮਹਿੰਦਰ ਸਿੰਘ ਕੇਪੀ ਨੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਹੈ, ਉਪਰੋਂ ਅਕਾਲੀ ਦਲ ਨੇ ਮਹਿੰਦਰ ਸਿੰਘ ਕੇਪੀ ਨੂੰ ਜਲੰਧਰ ਤੋਂ ਉਮੀਦਵਾਰ ਵੀ ਬਣਾ ਦਿੱਤਾ ਹੈ। ਮਹਿੰਦਰ ਸਿੰਘ ਕੇਪੀ ਦੇ ਮੈਦਾਨ ਵਿੱਚ ਆਉਣ ਨਾਲ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਨੂੰ ਯਕੀਨਨ ਝਟਕਾ ਲੱਗੇਗਾ। ਦੱਸ ਦੇਈਏ ਕਿ ਮਹਿੰਦਰ ਸਿੰਘ ਕੇਪੀ ਅਤੇ ਚਰਨਜੀਤ ਸਿੰਘ ਚੰਨੀ ਆਪਸ ਵਿੱਚ ਕੁੜਮ ਲੱਗਦੇ ਹਨ। ਮਹਿੰਦਰ ਸਿੰਘ ਕੇਪੀ ਦੀ ਧੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਵਿਆਹੀ ਹੋਈ ਹੈ। ‌ ਇਹ ਦਿਲਚਸਪ ਸਥਿਤੀ ਹੈ ਕਿ ਰਾਜਨੀਤੀ ਨੇ ਕੁੜਮਾਂ ਨੂੰ ਚੋਣ ਮੈਦਾਨ ਵਿੱਚ ਆਹਮੋ ਸਾਹਮਣੇ ਕਰ ਦਿੱਤਾ ਹੈ। ਮਹਿੰਦਰ ਸਿੰਘ ਕੇਪੀ ਕਾਂਗਰਸ ਪਾਰਟੀ ਨਾਲ ਲੰਮੇ ਸਮੇਂ ਤੋਂ ਨਾਰਾਜ਼ ਚੱਲ ਰਹੇ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਕੇਪੀ ਨਾਲ ਕਾਂਗਰਸ ਨੇ ਮਾੜੀ ਕੀਤੀ ਸੀ। ਕਾਂਗਰਸ ਨੇ ਕੇਪੀ ਨੂੰ ਆਦਮਪੁਰ ਤੋਂ ਟਿਕਟ ਦੇਣ ਦਾ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਨਾਮਜ਼ਦਗੀ ਦੇ ਆਖ਼ਰੀ ਦਿਨ ਮਹਿੰਦਰ ਸਿੰਘ ਕੇਪੀ ਰਿਟਰਨਿੰਗ ਅਫਸਰ ਦੇ ਦਫਤਰ ਪਹੁੰਚ ਗਏ ਸਨ ਪਰੰਤੂ ਪਾਰਟੀ ਟਿਕਟ ਉਹਨਾਂ ਤੱਕ ਨਹੀਂ ਪੁੱਜੀ, ਸਗੋਂ ਕਾਂਗਰਸ ਪਾਰਟੀ ਨੇ ਬਸਪਾ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਏ ਸੁਖਵਿੰਦਰ ਕੋਟਲੀ ਨੂੰ ਟਿਕਟ ਦੇ ਦਿੱਤੀ ਸੀ। ਧਿਆਨ ਰਹੇ ਕਿ ਜਲੰਧਰ ਸੀਟ ਦੀ ਦਲਿਤ ਵੋਟ ‘ਤੇ ਕਾਂਗਰਸ ਦਾ ਪੱਖ ਹਮੇਸ਼ਾ ਭਾਰੂ ਰਿਹਾ ਹੈ ਪ੍ਰੰਤੂ ਚੌਧਰੀ ਅਤੇ ਕੇਪੀ ਪਰਿਵਾਰ ਦੇ ਤੋੜ ਵਿਛੋੜੇ ਤੋਂ ਬਾਅਦ ਕਾਂਗਰਸ ਦਾ ਇਹ ਦਲਿਤ ਵੋਟ ਬੈਂਕ ਕਈ ਧੜਿਆਂ ਵਿੱਚ ਵੰਡਿਆ ਗਿਆ ਹੈ ਜਿਸ ਦਾ ਕਾਂਗਰਸ ਨੂੰ ਨੁਕਸਾਨ ਹੀ ਹੋਵੇਗਾ। ਬਹਰਹਾਲ ! ਨਤੀਜਾ ਤਾਂ ਸਮੇਂ ਦੀ ਬੁੱਕਲ ਵਿੱਚ ਹੈ ਪ੍ਰੰਤੂ ਜਲੰਧਰ ਸੀਟ ‘ਤੇ ਕੁੜਮਾਂ ਦੀ ਚੋਣ ਲੜਾਈ ਦਿਲਚਸਪ ਹੋਵੇਗੀ। ‌

error: Content is protected !!