Gee 98News

ਬਰਨਾਲਾ,27 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-
-ਲੋਕ ਸਭਾ ਚੋਣਾਂ ਦੌਰਾਨ ਬਰਨਾਲਾ ਵਿਖੇ ਵਾਪਰੇ ਇੱਕ ਵੱਡੇ ਸਿਆਸੀ ਘਟਨਾਕ੍ਰਮ ਤਹਿਤ ਸ਼ਨੀਵਾਰ ਉੱਘੇ ਸਮਾਜ ਸੇਵੀ, ਸਟੇਟ ਐਵਾਰਡੀ ਅਤੇ ਟਰਾਂਸਪੋਰਟਰ ਭੋਲਾ ਸਿੰਘ ਵਿਰਕ ਨੇ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਸਥਾਨਕ ਬਾਜਾਖਾਨਾ ਰੋਡ ‘ਤੇ ਵਿਰਕ ਕੰਪਲੈਕਸ ਵਿੱਚ ਭੋਲਾ ਸਿੰਘ ਵਿਰਕ ਦੇ ਹਮਾਇਤੀਆਂ ਦੇ ਵੱਡੇ ਇਕੱਠ ਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਦੇ ਖੇਮੇ ‘ਚ ਹਲਚਲ ਪੈਦਾ ਕਰ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਭੋਲਾ ਸਿੰਘ ਵਿਰਕ ਨੇ ਆਪਣੇ ਹਮਾਇਤੀਆਂ ਅਤੇ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਪੰਜਾਬ ਦੇ ਚੰਗੇਰੇ ਹਿੱਤਾਂ ਲਈ ਸੁਖਪਾਲ ਸਿੰਘ ਖਹਿਰਾ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਵੱਡੇ ਇਕੱਠ ਵਿੱਚ ਉਚੇਚੇ ਤੌਰ ‘ਤੇ ਪੁੱਜੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਭੋਲਾ ਸਿੰਘ ਵਿਰਕ ਦੇ ਹਮਾਇਤੀਆਂ ਦੇ ਇਕੱਠ ਠ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਵਿਰਕ ਦੇ ਇਕੱਠ ਨੇ ਉਹਨਾਂ ਦੀ ਅੱਜ ਤੱਕ ਦੀ ਚੋਣ ਮੁਹਿੰਮ ਦੀ ਸਾਰੀ ਥਕਾਵਟ ਉਤਾਰ ਦਿੱਤੀ।‌ ਖਹਿਰਾ ਨੇ ਭੋਲਾ ਸਿੰਘ ਵਿਰਕ ਦੇ ਪ੍ਰਬੰਧਾਂ ਦੀ ਤਾਰੀਫ਼ ਕਰਦੇ ਹੋਏ ਵਿਰਕ ਨਾਲ ਆਪਣੇ ਪੁਰਾਣੇ ਸਬੰਧਾਂ ਦਾ ਜ਼ਿਕਰ ਵੀ ਕੀਤਾ। ‌ ਉੰਝ ਤਾਂ ਭਾਵੇਂ ਚੋਣਾਂ ਵਿੱਚ ਅਜੇ ਲੰਮਾ ਸਮਾਂ ਰਹਿੰਦਾ ਹੋਣ ਕਰਕੇ ਕਿਸੇ ਨਤੀਜੇ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰੰਤੂ ਭੋਲਾ ਸਿੰਘ ਵਿਰਕ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਕੀਤਾ ਇਹ ਵੱਡਾ ਇਕੱਠ ਸੱਤਾਧਾਰੀ ਉਮੀਦਵਾਰ ਦੀ ਚੋਣ ਰਣਨੀਤੀ ਨੂੰ ਪ੍ਰਭਾਵਿਤ ਜ਼ਰੂਰ ਕਰੇਗਾ। ਭੋਲਾ ਸਿੰਘ ਵਿਰਕ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਕੀਤੇ ਇਸ ਵੱਡੇ ਇਕੱਠ ਦੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕ ਟਿੱਪਣੀਆਂ ਕਰ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਚੇਅਰਮੈਨੀ ਖੋਹਣ ਲਈ ਮੰਤਰੀ ਦੀ ਸਰਪ੍ਰਸਤੀ ਹੇਠ ਕੁਝ ਆਪ ਵਰਕਰਾਂ ਵੱਲੋਂ ਕਾਲਜ ਸਾਹਮਣੇ ਧਰਨਾ ਲਗਾ ਕੇ ਵਿਰਕ ਦੇ ਖਿਲਾਫ ਕੀਤੇ ਪ੍ਰਚਾਰ ਦੇ ਰੋਸ ਵਜੋਂ ਵਿਰਕ ਹਮਾਇਤੀਆਂ ਦੇ ਮਨਾਂ ਵਿੱਚ ਸੁਲਗਦੀ ਚਿੰਗਾਰੀ ਭਾਂਬੜ ਬਣ ਚੁੱਕੀ ਹੈ ਜਿਸ ਦਾ ਸੇਕ ਲੋਕ ਸਭਾ ਦੀਆਂ ਚੋਣਾਂ ਦੌਰਾਨ ਸੱਤਾਧਿਰ ਨੂੰ ਲੱਗ ਸਕਦਾ ਹੈ। ‌ ਇਸ ਮੌਕੇ ਸਾਬਕਾ ਐਮਐਲਏ ਸੁਰਿੰਦਰਪਾਲ ਸਿੰਘ ਸਿਬੀਆ ਨੇ ਭੋਲਾ ਸਿੰਘ ਵਿਰਕ ਦੀ ਆਪਣੇ ਵਰਕਰਾਂ ਨਾਲ ਨੇੜਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਿਰਕ ਦੀ ਅਗਵਾਈ ਹੇਠ ਹੋਇਆ ਇਹ ਇਕੱਠ ਮੁੱਖ ਮੰਤਰੀ ਦੇ ਜ਼ਿਲ੍ਹੇ ‘ਚ ਆਮ ਆਦਮੀ ਪਾਰਟੀ ਨੂੰ ਕਰਾਰੀ ਦਾ ਹਾਰ ਦੇਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ। ‌ ਇਸ ਮੌਕੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਵਿਰਕ ਦੇ ਇਕੱਠ ਤੋਂ ਪ੍ਰਭਾਵਿਤ ਹੋ ਕੇ ਸੁਖਪਾਲ ਖਹਿਰਾ ਨੂੰ ਦਿੱਤੀ ਹਮਾਇਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਵਿੱਖ ‘ਚ ਭੋਲਾ ਸਿੰਘ ਵਿਰਕ ਨਾਲ ਕਿਸੇ ਵੀ ਮੁੱਦੇ ‘ਤੇ ਅਤੇ ਕਿਸੇ ਵੀ ਪਲੇਟਫਾਰਮ ‘ਤੇ ਡੱਟ ਕੇ ਖੜਨਗੇ।

Leave a Reply

Your email address will not be published. Required fields are marked *

error: Content is protected !!