Skip to main content

Gee 98News

Ex MLA ਗੋਲਡੀ ਤਿੱਤਲੀ ਬਣ ਕੇ ਬੈਠੇਗਾ ਫੁੱਲ ‘ਤੇ…ਪੋਸਟ ਪਾ ਕੇ ਦਿੱਤੇ ਸੰਕੇਤ

ਬਰਨਾਲਾ, 29 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸੰਗਰੂਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਖੇਮੇ ‘ਚ ਚਿੰਤਾ ਦੀ ਲਹਿਰ ਪੈਦਾ ਕੀਤੀ ਹੈ। ਗੋਲਡੀ ਨੇ ਇੱਕ ਕਵਿਤਾ ਦੇ ਰੂਪ ਵਿੱਚ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਹੈ ਜਿਸ ਵਿੱਚ ਗੋਲਡੀ ਨੇ ਭਾਵੇਂ ਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ਛੱਡਣ ਦੀ ਕੋਈ ਗੱਲ ਤਾਂ ਨਹੀਂ ਕੀਤੀ ਪ੍ਰੰਤੂ ਇਸ ਕਵਿਤਾ ਦੇ ਭਾਵਅਰਥ ਇਹੋ ਨਿਕਲਦੇ ਹਨ ਕਿ ਦਲਵੀਰ ਸਿੰਘ ਗੋਲਡੀ ਕੋਈ ਨਵਾਂ ਸਿਆਸੀ ਰਾਹ ਚੁਣਨਾ ਚਾਹੁੰਦੇ ਹਨ। ਚਰਚਾ ਇਹ ਵੀ ਹੈ ਕਿ ਸਾਬਕਾ ਵਿਧਾਇਕ ਗੋਲਡੀ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਯਕੀਨਨ ਇਸ ਨਾਲ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਨੂੰ ਝਟਕਾ ਲੱਗੇਗਾ। ਜ਼ਿਕਰਯੋਗ ਹੈ ਕਿ ਗੋਲਡੀ ਸੰਗਰੂਰ ਤੋਂ ਲੋਕ ਸਭਾ ਲਈ ਟਿਕਟ ਦੇ ਦਾਅਵੇਦਾਰ ਸਨ ਪ੍ਰੰਤੂ ਟਿਕਟ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਤੋਂ ਬਾਅਦ ਗੋਲਡੀ ਨੇ ਇੱਕ ਪੋਸਟ ਪਹਿਲਾਂ ਵੀ ਮਾਯੂਸੀ ਵਾਲੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ। ਗੋਲਡੀ ਦੀ ਇਸ ਪੋਸਟ ਦੇ ਸੰਦਰਭ ਵਿੱਚ ਇੱਕ ਸੀਨੀਅਰ ਕਾਂਗਰਸੀ ਆਗੂ ਨਾਲ ਗੱਲ ਕਰਨ ‘ਤੇ ਉਹਨਾਂ ਟਿੱਪਣੀ ਕੀਤੀ ਕਿ ਜੇਕਰ ਗੋਲਡੀ ਕੋਈ ਅਜਿਹਾ ਕਦਮ ਚੁੱਕਦੇ ਹਨ ਤਾਂ ਇਹ ਉਹਨਾਂ ਦਾ ਸਿਆਸੀ ਆਤਮਘਾਤੀ ਕਦਮ ਹੋਵੇਗਾ ਪਰੰਤੂ ਜੇਕਰ ਗੋਲਡੀ ਦੀ ਇਸ ਪੋਸਟ ਦੀ ਇਬਾਰਤ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਇਹ ਸਪੱਸ਼ਟ ਸੰਕੇਤ ਹੈ ਕਿ ਦਲਵੀਰ ਸਿੰਘ ਗੋਲਡੀ ਸਿਆਸੀ ਤਿੱਤਲੀਆਂ ਦੀ ਕਤਾਰ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਅਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਨਿੱਜੀ ਤੌਰ ‘ਤੇ ਦਲਵੀਰ ਸਿੰਘ ਗੋਲਡੀ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ।

error: Content is protected !!