Gee 98News

-ਅਜੋਕੇ ਦੌਰ ਦੀ ਰਾਜਨੀਤੀ ਵਿੱਚ ਨਿੱਜੀ ਦੂਸ਼ਣਬਾਜ਼ੀ ਦਾ ਰੁਝਾਨ ਕੁਝ ਜ਼ਿਆਦਾ ਹੀ ਵੱਧਦਾ ਜਾ ਰਿਹਾ ਹੈ। ਚੋਣਾਂ ਦੇ ਦਿਨਾਂ ਦੌਰਾਨ ਲੀਡਰਾਂ ਵੱਲੋਂ ਜਨਤਕ ਸਟੇਜਾਂ ‘ਤੇ ਇੱਕ ਦੂਜੇ ਦੀਆਂ ਖੱਲਾਂ ਖੂੰਜਿਆਂ ਵਿੱਚ ਲੁਕੀਆਂ ਗੱਲਾਂ ਕੱਢ ਕੇ ਲੋਕਾਂ ਸਾਹਮਣੇ ਰੱਖੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਕੁਝ ਗੱਲਾਂ ਤਾਂ ਸ਼ਬਦਾਵਲੀ ਤੋਂ ਹੀ ਜ਼ਾਹਰ ਹੋ ਜਾਂਦੀਆਂ ਹਨ ਕਿ ਇਹ ਰਾਜਨੀਤਿਕ ਦੂਸ਼ਣਬਾਜੀ ਹੈ ਪ੍ਰੰਤੂ ਕੁਝ ਕੁ ਗੱਲਾਂ ਲੋਕਾਂ ਨੂੰ ਹੈਰਾਨ ਕਰਦੀਆਂ ਹਨ ਅਤੇ ਲੋਕ ਦੋਸ਼ਾਂ ਤਹਿਤ ਆਏ ਨੇਤਾ ਦੀ ਪੈੜ ਨੱਪਣੀ ਸ਼ੁਰੂ ਕਰ ਦਿੰਦੇ ਹਨ। ‌ ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਨਾਲ ਜੁੜਿਆ ਇੱਕ ਮਾਮਲਾ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਸੁਰਖੀਆਂ ਦਾ ਕਾਰਨ ਬਣਿਆ ਹੋਇਆ ਹੈ। ਸੰਗਰੂਰ ਤੋ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਮੋਹਾਲੀ ਵਿਖੇ ਬਣ ਰਹੀ ਕੋਠੀ ਦਾ ਜ਼ਿਕਰ ਕੀਤਾ ਤਾਂ ਇਹ ਮਾਮਲਾ ਜੰਗਲ ਦੀ ਅੱਗ ਵਾਂਗ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਇਆ। ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਵਿਧਾਇਕ ਪੰਡੋਰੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਰਹਿਣ ਦੇ ਤੌਰ ਤਰੀਕਿਆਂ ਤੱਕ ਦਾ ਵੀ ਜ਼ਿਕਰ ਹੋਣ ਲੱਗਿਆ। ਇਹ ਮਾਮਲਾ ਇੱਥੋਂ ਤੱਕ ਵਧਿਆ ਕਿ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਆਪਣੀ ਤਿੱਖੀ ਸ਼ਬਦਾਵਲੀ ਨਾਲ ਇਸ ਮਾਮਲੇ ਵਿੱਚ ਦਖ਼ਲ ਦੇਣਾ ਪਿਆ। ‌ਮੀਤ ਹੇਅਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਸਿੱਧੇ ਤੌਰ ‘ਤੇ ਚੈਲਿੰਜ ਕਰਦੇ ਹੋਏ ਕਿਹਾ ਕਿ ਜੇਕਰ ਪੰਡੋਰੀ ਦੇ ਨਾਮ ਮੋਹਾਲੀ ਤੇ ਚੰਡੀਗੜ੍ਹ ਵਿੱਚ ਇੱਕ ਮਰਲਾ ਜ਼ਮੀਨ ਵੀ ਸਾਬਤ ਕਰ ਦਿੱਤੀ ਜਾਵੇ ਤਾਂ ਉਹ ਸਿਆਸਤ ਛੱਡ ਦੇਣਗੇ। ਇਸੇ ਤਰ੍ਹਾਂ ਵਿਧਾਇਕ ਪੰਡੋਰੀ ਨੇ ਵੀ ਸੁਖਪਾਲ ਸਿੰਘ ਖਹਿਰਾ ਨੂੰ ਚੈਲਿੰਜ ਕੀਤਾ ਕਿ ਜੇਕਰ ਮੋਹਾਲੀ ਤੇ ਚੰਡੀਗੜ੍ਹ ਵਿੱਚ ਉਸਦੇ ਨਾਮ ਇੱਕ ਬਿਸਵਾ ਜ਼ਮੀਨ ਸਾਬਤ ਕੀਤੀ ਜਾਵੇ ਤਾਂ ਉਹ ਸਿਆਸਤ ਛੱਡ ਦੇਣਗੇ। ਉਹਨਾਂ ਖਹਿਰਾ ਨੂੰ ਇਸ ਸਬੰਧੀ ਸਬੂਤ ਵੀ ਲੋਕਾਂ ਦੀ ਕਚਹਿਰੀ ‘ਚ ਵਿੱਚ ਲੈ ਕੇ ਆਉਣ ਲਈ ਚੈਲਿੰਜ ਕੀਤਾ। ‌ਬਹਰਹਾਲ ! ਸੁਖਪਾਲ ਸਿੰਘ ਖਹਿਰਾ ਵੱਲੋਂ ਆਪ ਵਿਧਾਇਕ ਦੀ ਮੋਹਾਲੀ ਵਿਖੇ ਬਣ ਰਹੀ ਕੋਠੀ ਦੇ ਖੁਲਾਸੇ ਨੂੰ ਭਾਵੇਂ ਆਪ ਆਗੂਆਂ ਵੱਲੋਂ ਰਾਜਨੀਤਿਕ ਦੂਸ਼ਣਬਾਜੀ ਨਾਲ ਜੋੜਿਆ ਜਾ ਰਿਹਾ ਹੈ ਪ੍ਰੰਤੂ ਆਮ ਘਰਾਂ ਦੇ ਕਾਕਿਆਂ ਦੇ ਸਰਕਾਰ ਬਣਨ ਤੋਂ ਬਾਅਦ ਥੋੜੇ ਸਮੇਂ ਵਿੱਚ ਬਦਲੇ ਰਹਿਣ-ਸਹਿਣ ਦੇ ਤੌਰ ਤਰੀਕਿਆਂ ਦਾ ਜ਼ਿਕਰ ਹੁਣ ਅਕਸਰ ਸੋਸ਼ਲ ਮੀਡੀਆ ‘ਤੇ ਹੋਣ ਲੱਗ ਪਿਆ ਹੈ। ਹੁਣ ਖਹਿਰਾ ਦੇ ਖੁਲਾਸਿਆਂ ਨੂੰ ਤਾਂ ਰਾਜਨੀਤਿਕ ਦੂਸ਼ਣਬਾਜ਼ੀ ਨਾਲ ਜੋੜਿਆ ਜਾ ਸਕਦਾ ਹੈ ਪ੍ਰੰਤੂ ਆਮ ਲੋਕਾਂ ਦੀਆਂ ਉਂਗਲਾਂ ਨੂੰ ਮਰੋੜਿਆ ਨਹੀਂ ਜਾ ਸਕਦਾ। ਕੈਬਨਿਟ ਮੰਤਰੀ ਮੀਤ ਹੇਅਰ ਤੇ ਵਿਧਾਇਕ ਪੰਡੋਰੀ ਦੇ ਚੈਲਿੰਜ ਤੋਂ ਬਾਅਦ ਹੁਣ ਇਸ ਮਾਮਲੇ ਸੰਬੰਧੀ ਗੇਂਦ ਸੁਖਪਾਲ ਸਿੰਘ ਖਹਿਰਾ ਦੇ ਵਿਹੜੇ ‘ਚ ਹੈ ਅਤੇ ਲੋਕ ਉਡੀਕ ਰਹੇ ਹਨ ਕਿ ਖਹਿਰਾ ਦੀ ਸ਼ਬਦੀ ਕਿੱਕ ਤੋਂ ਬਾਅਦ ਇਹ ਗੇਂਦ ਮੋਹਾਲੀ ਦੀ ਕਿਹੜੀ ਕੋਠੀ ਵਿੱਚ ਡਿੱਗਦੀ ਹੈ।

Gee98 Ads

Leave a Reply

Your email address will not be published. Required fields are marked *

error: Content is protected !!