Skip to main content

Gee 98News

ਖਾਕੀ ਵਰਦੀ ਤੇ ਕਾਲਾ ਕੋਟਾ ਆਹਮੋ ਸਾਹਮਣੇ…SHO ਨੇ ਦਿੱਤੀ ਪਰਚੇ ਦੀ ਧਮਕੀ…ਵਕੀਲਾਂ ਨੇ ਦਿੱਤੀ ਹੜਤਾਲ ਦੀ ਚਿਤਾਵਨੀ

ਚੰਡੀਗੜ੍ਹ,2 ਮਈ Gee98 news service
-ਥਾਣਾ ਸਿਟੀ ਬਟਾਲਾ ਦੀ ਮਹਿਲਾ ਐਸਐਚ ਓ ਅਤੇ ਬਟਾਲਾ ਬਾਰ ਐਸੋਸੀਏਸ਼ਨ ਵਿਚਕਾਰ ਆਪਣੇ ਆਪਣੇ ਸਟੇਟਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਕਾਹਲੋਂ ਨੇ ਦੋਸ਼ ਲਗਾਏ ਹਨ ਕਿ ਬੁੱਧਵਾਰ ਸ਼ਾਮ ਨੂੰ ਥਾਣਾ ਸਿਟੀ ਦੀ ਮਹਿਲਾ ਥਾਣਾ ਇੰਚਾਰਜ ਖ਼ੁਸ਼ਬੂ ਸ਼ਰਮਾ ਦੇ ਕਹਿਣ ‘ਤੇ ਉਨ੍ਹਾਂ ਨੂੰ ਅੱਧਾ ਘੰਟਾ ਥਾਣੇ ‘ਚ ਬੰਦ ਰੱਖਿਆ ਗਿਆ। ਐਸਐਚਓ ਦੇ ਹੁਕਮਾਂ ‘ਤੇ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਕੁਝ ਵਕੀਲ ਆਪਣੇ ਇੱਕ ਵਕੀਲ ਦੇ ਸਮਰਥਨ ਵਿੱਚ ਥਾਣਾ ਸਿਟੀ ਵਿਖੇ ਗਏ। ਬਾਰ ਦੇ ਕੁਝ ਅਧਿਕਾਰੀ ਅਤੇ ਹੋਰ ਸੀਨੀਅਰ ਵਕੀਲ ਵੀ ਉਨ੍ਹਾਂ ਦੇ ਨਾਲ ਸਨ। ਮਾਮਲੇ ਦੇ ਬੇਰ ਬੇ ਅਨੁਸਾਰ ਇੱਕ ਵਿਅਕਤੀ ਨੇ ਇੱਕ ਵਕੀਲ ਦੇ ਖਿਲਾਫ ਉਸ ਦੇ ਕਬਜ਼ੇ ਵਾਲੀ ਜਗ੍ਹਾ ਦੀ ਧੱਕੇ ਨਾਲ ਕੰਧ ਢਾਉਣ ਦੀ ਸ਼ਿਕਾਇਤ ਥਾਣੇ ਵਿੱਚ ਦਿੱਤੀ। ਇਸ ਸ਼ਿਕਾਇਤ ਸਬੰਧੀ ਸਬੰਧਤ ਵਕੀਲ ਨੂੰ ਥਾਣੇ ਬੁਲਾਇਆ ਗਿਆ ਸੀ ਅਤੇ ਬਾਰ ਐਸੋਸੀਏਸ਼ਨ ਦੇ ਮੈਂਬਰ ਸੰਬੰਧਤ ਵਕੀਲ ਦੇ ਨਾਲ ਥਾਣੇ ਗਏ ਸਨ। ‌ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਕਾਹਲੋਂ ਅਤੇ ਵਕੀਲਾਂ ਨੇ ਦੋਸ਼ ਲਾਇਆ ਕਿ ਥਾਣਾ ਇੰਚਾਰਜ ਖੁਸ਼ਬੂ ਸ਼ਰਮਾ ਨੇ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ। ਜਦੋਂ ਉਹ ਥਾਣੇ ਅੰਦਰ ਗੱਲਬਾਤ ਕਰ ਰਹੇ ਸਨ ਤਾਂ ਐਸਐਚਓ ਖੁਸ਼ਬੂ ਸ਼ਰਮਾ ਨੇ ਗੇਟ ‘ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਬਾਹਰਲਾ ਗੇਟ ਬੰਦ ਕਰਨ ਦੇ ਹੁਕਮ ਦਿੱਤੇ ਅਤੇ ਅੱਧੇ ਘੰਟੇ ਤੱਕ ਉਨ੍ਹਾਂ ਨੂੰ ਥਾਣੇ ਅੰਦਰੋਂ ਬਾਹਰ ਨਹੀਂ ਆਉਣ ਦਿੱਤਾ ਗਿਆ। ਵਕੀਲਾਂ ਅਨੁਸਾਰ ਉਹ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਰੋਸ਼ ਪ੍ਰਦਰਸ਼ਨ ਕਰਦਿਆਂ ਅਦਾਲਤ ਦਾ ਕੰਮਕਾਜ ਠੱਪ ਰੱਖਣਗੇ ਅਤੇ ਕਿਸੇ ਵੀ ਮੁਕੱਦਮੇ ਦੀ ਪੈਰਵਾਈ ਨਹੀਂ ਕਰਨਗੇ। ਦੂਜੇ ਪਾਸੇ ਥਾਣੇ ਸਿਟੀ ਦੀ ਐਸਐਚਓ ਖੁਸ਼ਬੂ ਸ਼ਰਮਾ ਨੇ ਦੋਸ਼ ਲਗਾਏ ਕਿ ਵਕੀਲਾਂ ਦੇ ਇੱਕ ਸਾਥੀ ਵੱਲੋਂ ਨਸ਼ੇ ਦੀ ਹਾਲਤ ਵਿੱਚ ਸ਼ਿਕਾਇਤ ਕਰਤਾ ਦੀ ਕੰਧ ਢਾਹ ਦਿੱਤੀ ਗਈ ਸੀ ਜਿਸ ਦੀ ਸ਼ਿਕਾਇਤ ਤੇ ਵਕੀਲਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਥਾਣੇ ਵਿੱਚ ਹੰਗਾਮਾ ਕੀਤਾ। ਲੇਡੀ ਐਸ ਐਚ ਓ ਨੇ ਇਸ ਗੱਲ ਨੂੰ ਨਕਾਰਿਆ ਕਿ ਵਕੀਲਾਂ ਨੂੰ ਥਾਣੇ ਅੰਦਰ ਬੰਦ ਕਰਕੇ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਸੰਤਰੀ ਨੇ ਐਸਐਚਓ ਤੋਂ ਪੁੱਛੇ ਬਿਨਾਂ ਗੇਟ ਖੋਲਣ ਲਈ ਮਨਾਂ ਜ਼ਰੂਰ ਕੀਤਾ ਸੀ ਕਿਉਂਕਿ ਸੰਤਰੀ ਨੂੰ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਥਾਣੇ ਤੋ ਬਾਹਰ ਜਾਣ ਵਾਲਾ ਕਿਤੇ ਕੋਈ ਦੋਸ਼ੀ ਤਾਂ ਨਹੀਂ ਹੈ। ਉਹਨਾਂ ਕਿਹਾ ਕਿ ਰਾਜ਼ੀਨਾਮਾ ਨਾ ਹੋਣ ਦੀ ਸੂਰਤ ਵਿੱਚ ਕੰਧ ਢਾਉਣ ਵਾਲੇ ਵਕੀਲ ਖਿਲਾਫ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜਦ ਕਿ ਵਕੀਲਾਂ ਖ਼ਿਲਾਫ਼ ਵੀ ਥਾਣੇ ਵਿੱਚ ਹੰਗਾਮਾ ਕਰਨ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾ ਸਕਦੀ ਹੈ।

error: Content is protected !!