Gee 98News

ਬਰਨਾਲਾ,9 ਮਈ, (ਨਿਰਮਲ ਸਿੰਘ ਪੰਡੋਰੀ)-
-ਚੋਣਾਂ ਦੌਰਾਨ ਨੇਤਾਵਾਂ ਦੀ ਜ਼ੁਬਾਨ ਅਕਸਰ ਫਿਸਲਦੀ ਰਹਿੰਦੀ ਹੈ। ਕਈ ਵਾਰ ਕੁਝ ਬਿਆਨ ਅਜਿਹੇ ਵੀ ਜਾਰੀ ਕਰ ਦਿੱਤੇ ਜਾਂਦੇ ਹਨ ਜੋ ਵੱਖ ਵੱਖ ਵਰਗਾਂ ਵਿੱਚ ਕੁੜੱਤਣ ਦਾ ਕਾਰਨ ਬਣ ਜਾਂਦੇ ਹਨ ਅਤੇ ਕਈ ਵਾਰ ਕੁਝ ਗੱਲਾਂ ਸਹਿਜ ਸੁਭਾਵਿਕ ਹੀ ਅਜਿਹੀਆਂ ਹੋ ਜਾਂਦੀਆਂ ਹਨ ਜੋ ਦਿਲਚਸਪੀ ਦਾ ਕਾਰਨ ਬਣ ਜਾਂਦੀਆਂ ਹਨ ਤੇ ਸੋਸ਼ਲ ਮੀਡੀਆ ਦਾ ਖੂਬ ਸ਼ਿੰਗਾਰ ਬਣਦੀਆਂ ਹਨ। ਸੋਸ਼ਲ ਮੀਡੀਆ ਦੌਰ ‘ਚ ਅਜਿਹੀਆਂ ਕੁਝ ਵੀਡੀਓ ਕਲਿੱਪਾਂ ਲੋਕਾਂ ਦਾ ਖੂਬ ਮਨੋਰੰਜਨ ਕਰਦੀਆਂ ਹਨ। ਅੱਜਕੱਲ੍ਹ ਸੰਗਰੂਰ ਹਲਕੇ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਵੀਡੀਓ ਕਲਿੱਪ ਖ਼ੂਬ ਵਾਇਰਲ ਹੋ ਰਹੀ ਹੈ। ਦਰਅਸਲ ਜਦੋਂ ਪੱਤਰਕਾਰ ਨੇ ਸ. ਮਾਨ ਨੂੰ ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਜ਼ਬਰਦਸਤ ਵਿਰੋਧ ‘ਤੇ ਟਿੱਪਣੀ ਕਰਨ ਲਈ ਕਿਹਾ ਤਾਂ ਸਿਮਰਨਜੀਤ ਸਿੰਘ ਮਾਨ ਦੀ ਜ਼ੁਬਾਨ ਬੇਬਾਕੀ ਦੇ ਪਲੇਟਫਾਰਮ ‘ਤੇ ਚਲੀ ਗਈ ਅਤੇ ਉਹਨਾਂ ਨੇ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਕਰਨ ਵਾਲਿਆਂ ਨੂੰ ਟਕੇ ਟਕੇ ਦੇ ਬੰਦੇ ਕਹਿ ਦਿੱਤਾ। ਸਰਦਾਰ ਮਾਨ ਦੀ ਇਸ ਵੀਡੀਓ ਕਲਿੱਪ ‘ਤੇ ਵੱਖ ਵੱਖ ਤਰਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਅਸਲ ਵਿੱਚ ਸਿਮਰਨਜੀਤ ਸਿੰਘ ਮਾਨ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਆਪਸੀ ਰਿਸ਼ਤਾ ਜੀਜਾ ਸਾਲੀ ਦਾ ਹੈ। ਵੈਸੇ ਸ. ਮਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਅਕਸਰ ਗੱਲਬਾਤ ਕਰਦੇ ਹਨ ਪ੍ਰੰਤੂ ਜਦੋਂ ਸਵਾਲ ਉਹਨਾਂ ਦੀ ਸਾਲੀ ਨਾਲ ਸੰਬੰਧਿਤ ਸੀ ਤਾਂ ਵਿਰੋਧ ਕਰਨ ਵਾਲਿਆਂ ਲਈ ਟਕੇ ਟਕੇ ਦੇ ਬੰਦੇ ਸ਼ਬਦ ਮਾਨ ਦੀ ਜੁਬਾਨ ‘ਤੇ ਆ ਉਤਰੇ। ਇਸੇ ਸੰਦਰਭ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਪਾਠਕ ਨੇ ਅਜਿਹੀ ਟਿੱਪਣੀ ਵੀ ਕੀਤੀ ਜੋ ਧਿਆਨ ਮੰਗਦੀ ਹੈ ਕਿ ਸ. ਮਾਨ ਵੱਲੋਂ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਕਰਨ ਵਾਲਿਆਂ ਨੂੰ ਟਕੇ ਟਕੇ ਦੇ ਬੰਦੇ ਕਹਿਣ ਦੀ ਗੱਲ ਜੀਜੇ-ਸਾਲੀ ਦੇ ਰਿਸ਼ਤੇ ਦੀ ਅਪਣੱਤ ਵਿੱਚੋਂ ਉਪਜੀ ਹੈ। ਬਹਰਹਾਲ ! ਆਪਣੀ ਇਸ ਵੀਡੀਓ ਕਲਿੱਪ ‘ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਸਫਾਈ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਰਨਾਲਾ ਜ਼ਿਲ੍ਹੇ ਦੇ ਇੱਕ ਸੀਨੀਅਰ ਆਗੂ ਨੇ ਸਰਦਾਰ ਮਾਨ ਦੀ ਉਕਤ ਵੀਡੀਓ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸ. ਮਾਨ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਲੜਾਈ ਲੜੇ ਹਨ। ਉਹਨਾਂ ਕਿਹਾ ਕਿ ਸ. ਮਾਨ ਦੀ ਉਕਤ ਵੀਡੀਓ ਕਲਿੱਪ ਨੂੰ ਜੀਜੇ-ਸਾਲੀ ਦੇ ਰਿਸ਼ਤੇ ਦੇ ਸੰਦਰਭ ਵਿੱਚ ਹੀ ਵੇਖਣਾ ਚਾਹੀਦਾ ਹੈ।

Leave a Reply

Your email address will not be published. Required fields are marked *

error: Content is protected !!