Skip to main content

Gee 98News

ਬਰਨਾਲਾ ਤੋਂ ਲਾਪਤਾ ਹੋਏ ਸਾਬਕਾ ਫੌਜੀ ਅਫ਼ਸਰ ਦੀ ਲਾਸ਼ ਮਿਲੀ ਜਲੰਧਰ…ਮੌਤ ਬਣ ਗਈ ਭੇਤ…!

ਬਰਨਾਲਾ, 10 ਮਈ, (ਨਿਰਮਲ ਸਿੰਘ ਪੰਡੋਰੀ)-
-ਪਿਛਲੇ ਦਿਨੀ ਜਲੰਧਰ ਦੇ ਗਦਈਪੁਰ ਇਲਾਕੇ ਵਿੱਚ ਇੱਕ ਘਰ ‘ਚੋਂ ਬੈਡ ਬਾਕਸ ਵਿੱਚੋਂ ਲਾਸ਼ ਮਿਲਣ ਸਬੰਧੀ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਹੈ। ਜਿਸ ਵੇਲੇ ਜਲੰਧਰ ਪੁਲਿਸ ਨੇ ਇਹ ਲਾਸ਼ ਇੱਕ ਘਰ ‘ਚੋਂ ਬਰਾਮਦ ਕੀਤੀ ਉਸ ਵੇਲੇ ਘਰ ਵਿੱਚ ਰਹਿਣ ਵਾਲੀ ਔਰਤ ਹਿਮਾਚਲੀ ਦੇਵੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਮਰਨ ਵਾਲਾ ਵਿਅਕਤੀ ਉਸਦਾ ਲਿਵ ਇਨ ਪਾਰਟਨਰ ਵਿਨੋਦ ਉਰਫ਼ ਨਕੁਲ ਸੀ ਜੋ ਉਸ ਨੂੰ ਆਪਣੀ ਪਤਨੀ ਕਹਿੰਦਾ ਸੀ ਇਸ ਲਈ ਉਸਨੇ ਸ਼ਰਾਬ ਵਿੱਚ ਜ਼ਹਿਰ ਮਿਲਾ ਕੇ ਉਸਨੂੰ ਮਾਰ ਦਿੱਤਾ ਹੈ ਅਤੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਸ ਦੀ ਲਾਸ਼ ਨੂੰ ਠਿਕਾਣੇ ਲਗਾ ਦਿੱਤਾ। ਜਲੰਧਰ ਪੁਲਿਸ ਨੇ ਹਿਮਾਚਲੀ ਦੇਵੀ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਤੋਂ ਬਾਅਦ ਜਲੰਧਰ ਦੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਪੁਸ਼ਟੀ ਕੀਤੀ ਕਿ ਹਿਮਾਸਲੀ ਦੇਵੀ ਦੇ ਘਰੋਂ ਵਿਨੋਦ ਦੀ ਲਾਸ਼ ਬਰਾਮਦ ਕੀਤੀ ਗਈ ਹੈ ਜੋ ਹਿਮਾਚਲੀ ਦੇਵੀ ਨਾਲ ਸੰਬੰਧਾਂ ਵਿੱਚ ਸੀ, ਜਿਸ ਦੀ ਹੱਤਿਆ ਹਿਮਾਚਲੀ ਦੇਵੀ ਨੇ ਕੀਤੀ ਅਤੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਸ ਦੀ ਲਾਸ਼ ਨੂੰ ਘਰ ‘ਚ ਬੈਡ ਵਿੱਚ ਰੱਖ ਦਿੱਤਾ। ਪੁਲਿਸ ਅਨੁਸਾਰ ਹਿਮਾਚਲੀ ਦੇਵੀ ਨੇ ਕਤਲ ਕਰਨ ਤੋਂ ਬਾਅਦ ਗਦਈਪੁਰ ਇਲਾਕੇ ਵਿੱਚ ਸਥਿਤ ਕਈ ਦੁਕਾਨਾਂ ਤੋਂ ਲਗਭਗ 30 ਕਿਲੋ ਲੂਣ ਖਰੀਦਿਆ ਤਾਂ ਜੋ ਲਾਸ਼ ਗਲ ਜਾਵੇ ਅਤੇ ਬਦਬੂ ਨਾ ਆਵੇ ਪ੍ਰੰਤੂ ਅਜਿਹਾ ਨਹੀਂ ਹੋਇਆ ਅਤੇ ਲਾਸ਼ ਦੀ ਬਦਬੂ ਆਉਣ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਘਰ ਵਿੱਚ ਰੇਡ ਕਰਕੇ ਬੈਡ ਵਿੱਚੋਂ ਲਾਸ਼ ਬਰਾਮਦ ਕੀਤੀ ਅਤੇ ਜੁਆਇੰਟ ਪੁਲਿਸ ਕਮਿਸ਼ਨਰ ਨੇ ਲਾਸ਼ ਮਿਲਣ ਸਬੰਧੀ ਪ੍ਰੈਸ ਕਾਨਫਰਸ ਵੀ ਕਰ ਦਿੱਤੀ ਪ੍ਰੰਤੂ ਇਥੋਂ ਅੱਗੇ ਹੈਰਾਨੀਜਨਕ ਕਹਾਣੀ ਸਾਹਮਣੇ ਆਉਂਦੀ ਹੈ ਜਦ ਬਰਨਾਲਾ ਪੁਲਿਸ ਬਰਨਾਲਾ ਦੇ ਰਹਿਣ ਵਾਲੇ ਇੱਕ ਸੇਵਾ ਮੁਕਤ ਫੌਜੀ ਯੋਗਰਾਜ ਖੱਤਰੀ ਦੀ ਤਲਾਸ਼ ਵਿੱਚ ਪਰਿਵਾਰ ਨੂੰ ਲੈ ਕੇ ਜਲੰਧਰ ਪੁੱਜੀ।

ਦਰਅਸਲ ਬਰਨਾਲਾ ਦੇ ਇੱਕ ਪਰਿਵਾਰ ਨੇ ਬਰਨਾਲਾ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ ਯੋਗਰਾਜ ਖੱਤਰੀ 2 ਮਈ ਤੋਂ ਲਾਪਤਾ ਹੈ ਉਸਨੇ 2 ਅਤੇ 3 ਮਈ ਨੂੰ ਆਪਣੇ ਘਰ ਦੋ ਵਾਰ ਫੋਨ ਕੀਤਾ ਪ੍ਰੰਤੂ 3 ਮਈ ਦੀ ਰਾਤ ਤੋਂ ਬਾਅਦ ਉਸਦਾ ਫੋਨ ਬੰਦ ਆ ਰਿਹਾ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਪ੍ਰੰਤੂ ਜਦੋਂ ਕੋਈ ਸੁਰਾਗ ਨਾ ਲੱਗਿਆ ਤਾਂ ਪਰਿਵਾਰ ਨੇ ਬਰਨਾਲਾ ਪੁਲਿਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਕੇ ਸਭ ਤੋਂ ਪਹਿਲਾਂ ਯੋਗਰਾਜ ਖੱਤਰੀ ਦੇ ਮੋਬਾਇਲ ਦੀ ਲੋਕੇਸ਼ਨ ਟਰੇਸ ਕਰਵਾਈ ਤਾਂ ਪਤਾ ਲੱਗਿਆ ਕਿ ਯੋਗਰਾਜ ਦੇ ਮੋਬਾਈਲ ਦੀ ਆਖਰੀ ਲੋਕੇਸ਼ਨ ਜਲੰਧਰ ਦੇ ਗਦਈਪੁਰ ਇਲਾਕੇ ‘ਚ ਸਥਿਤ ਇੱਕ ਘਰ ਦੀ ਆ ਰਹੀ ਹੈ। ਜਦ ਬਰਨਾਲਾ ਪੁਲਿਸ ਯੋਗਰਾਜ ਖੱਤਰੀ ਦੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਜਲੰਧਰ ਸਥਿਤ ਉਕਤ ਘਰ ਪੁੱਜੀ ਤਾਂ ਆਸ ਪਾਸ ਦੇ ਲੋਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਹਿਮਾਚਲੀ ਦੇਵੀ ਦੇ ਨਾਲ ਯੋਗਰਾਜ ਨੂੰ ਦੇਖਿਆ ਹੈ। ਇਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਪਰਿਵਾਰ ਨੂੰ ਲੈ ਕੇ ਸਥਾਨਕ ਜਲੰਧਰ ਪੁਲਿਸ ਨਾਲ ਸੰਪਰਕ ਕੀਤਾ ਜਿੱਥੇ ਕੜੀ ਨਾਲ ਕੜੀ ਜੁੜਦੇ ਇਹ ਖੁਲਾਸਾ ਹੋਇਆ ਕਿ ਹਿਮਾਚਲੀ ਦੇਵੀ ਦੇ ਘਰੋਂ ਬਰਾਮਦ ਹੋਈ ਲਾਸ਼ ਵਿਨੋਦ ਦੀ ਨਹੀਂ ਸਗੋਂ ਯੋਗਰਾਜ ਖੱਤਰੀ ਦੀ ਹੈ। ਜਦੋਂ ਜਲੰਧਰ ਪੁਲਿਸ ਨੇ ਯੋਗਰਾਜ ਖੱਤਰੀ ਦੇ ਪਰਿਵਾਰਿਕ ਮੈਂਬਰਾਂ ਨੂੰ ਲਾਸ਼ ਦਿਖਾਈ ਤਾਂ ਪਰਿਵਾਰ ਨੇ ਪੁਸ਼ਟੀ ਕੀਤੀ ਕਿ ਇਹ ਲਾਸ਼ ਯੋਗਰਾਜ ਦੀ ਹੀ ਹੈ। ਇਸ ਤੋਂ ਅੱਗੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਔਰਤ ਹਿਮਾਚਲੀ ਦੇਵੀ ਨੇ ਪਹਿਲਾਂ ਲਾਸ਼ ਦੇ ਮਾਮਲੇ ‘ਚ ਪੁਲਿਸ ਕੋਲ ਝੂਠ ਬੋਲਿਆ ਸੀ। ਭਾਵੇਂ ਕਿ ਯੋਗਰਾਜ ਦੇ ਮਾਮਲੇ ‘ਚ ਪੁਲਿਸ ਨੇ ਹਿਮਾਚਲੀ ਦੇਵੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਪ੍ਰੰਤੂ ਉਸ ਦੀ ਮੌਤ ਨਾਲ ਇਹ ਭੇਤ ਜ਼ਰੂਰ ਜੁੜ ਗਿਆ ਹੈ ਕਿ ਯੋਗਰਾਜ ਬਰਨਾਲਾ ਤੋਂ ਜਲੰਧਰ ਦੋਸ਼ੀ ਔਰਤ ਦੇ ਘਰ ਕਿਵੇਂ ਪੁੱਜਿਆ ਤੇ ਉਸ ਘਰ ਵਿੱਚ ਉਸਦੀ ਮੌਤ ਕਿਵੇਂ ਹੋਈ।
ਫੋਟੋ ਕੈਪਸ਼ਨ-ਦੋਸ਼ੀ ਔਰਤ ਦੀ ਤਸਵੀਰ ਅਤੇ ਸੀਸੀਟੀਵੀ ‘ਚ ਕੈਦ ਹੋਈ ਯੋਗਰਾਜ ਦੀ ਤਸਵੀਰ

error: Content is protected !!