ਚੰਡੀਗੜ੍ਹ,29 ਜੁਲਾਈ, Gee98 news service
-ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਅਦਾਲਤ ਵਿੱਚ ਸੁਣਵਾਈ ਦਿਲਚਸਪ ਦੌਰ ਵਿੱਚ ਹੋ ਰਹੀ ਹੈ। ਸੋਮਵਾਰ ਇਸ ਕੇਸ ਦੀ ਸੁਣਵਾਈ ਦੌਰਾਨ ਮਜੀਠੀਆ ਦੇ ਵਕੀਲਾਂ ਨੇ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਸੁਣਵਾਈ ਇਨ ਕੈਮਰਾ ਨਹੀਂ, ਬਲਕਿ ਲਾਈਵ ਸਟ੍ਰੀਮਿੰਗ ਰਾਹੀਂ ਹੋਣੀ ਚਾਹੀਦੀ ਹੈ। ਮਜੀਠੀਆ ਦੇ ਵਕੀਲ ਸੋਬਤੀ ਨੇ ਇਸ ਬਾਰੇ ਦੱਸਿਆ ਕਿ ਇਹ ਕੇਸ ਪੂਰੇ ਪੰਜਾਬ ਤੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਤੇ ਉਹ ਸੱਚਾਈ ਜਾਣਨਾ ਚਾਹੁੰਦੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਬਚਾਅ ਪੱਖ ਨੇ ਇਹ ਅਰਜ਼ੀ ਦਾਖ਼ਲ ਕੀਤੀ ਹੈ ਕਿ ਕੇਸ ਦੀ ਕਾਰਵਾਈ ਨੂੰ ਜਨਤਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਸਰਕਾਰ ਦੇ 16 ਸਫਿਆਂ ਦੇ ਜਵਾਬ ਵਿਚ ਕੁਝ ਵੀ ਢੁੱਕਵੀਂ ਜਾਣਕਾਰੀ ਨਹੀਂ ਦਿੱਤੀ ਗਈ। ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ 16 ਸਫਿਆਂ ਦੇ ਜਵਾਬ ਵਿੱਚ 13 ਸਫੇ ਇਸੇ ਨਾਲ ਸੰਬੰਧਿਤ ਹਨ ਕਿ ਮਜੀਠੀਆ ਮੁੱਛਾਂ ਚਾੜ ਕੇ ਸਰਕਾਰ ਨੂੰ ਡਰਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਤਹਿਤ ਹੁਣ ਤੱਕ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ, ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ, ਮਜੀਠੀਆ ਦੇ ਸਾਬਕਾ ਪੀਏ ਸਮੇਤ ਕੁੱਲ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਪੰਜਾਬ, ਹਿਮਾਚਲ, ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ ਛਾਪੇਮਾਰੀ ਕਰ ਕੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਗਈ ਹੈ।ਸਰਕਾਰ ਦਾ ਦਾਅਵਾ ਹੈ ਕਿ ਕੇਸ ਬਹੁਤ ਮਜ਼ਬੂਤ ਹੈ, ਜਦਕਿ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਮਾਮਲੇ ਵਿਚ ਕੋਈ ਦਮ ਨਹੀਂ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਮੀਡੀਆ ਵਿਚ ਤਾਂ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਅਦਾਲਤ ਵਿਚ ਉਸਦੇ ਵਕੀਲ ਪਿੱਛੇ ਹਟ ਜਾਂਦੇ ਹਨ।