ਚੰਡੀਗੜ੍ਹ,29 ਜੁਲਾਈ, Gee98 News service
ਪੰਜਾਬ ਸਰਕਾਰ ਸਿਹਤ ਦੇ ਖੇਤਰ ਵਿੱਚ ਇੱਕ ਹੈਰਾਨੀਜਨਕ ਕਦਮ ਚੁੱਕਣ ਜਾ ਰਹੀ ਹੈ ਜੋ ਸਰਕਾਰ ਦੇ ਦਾਅਵਿਆਂ ਦੇ ਬਿਲਕੁਲ ਉਲਟ ਹੈ। ਸਰਕਾਰ ਸੂਬੇ ਦੇ ਦੋ ਮੈਡੀਕਲ ਕਾਲਜ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਦੇ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਸ਼ਹੀਦ ਭਗਤ ਸਿੰਘ ਨਗਰ ਅਤੇ ਸੰਗਰੂਰ ਵਿੱਚ ਪ੍ਰਾਈਵੇਟ ਕੰਪਨੀ ਦੀ ਹਿੱਸੇਦਾਰੀ ਨਾਲ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਸਾਰੇ ਯੋਜਨਾ ਤਿਆਰ ਕਰ ਲਈ ਗਈ ਹੈ ਤੇ ਹੁਣ ਉਸ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ, ਜਿੱਥੇ ਮਨਜ਼ੂਰੀ ਤੋਂ ਬਾਅਦ ਸੰਗਰੂਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਦੋਵੇਂ ਮੈਡੀਕਲ ਕਾਲਜ ਸਰਕਾਰ ਅਤੇ ਪ੍ਰਾਈਵੇਟ ਕੰਪਨੀ ਦੀ ਬਰਾਬਰ ਹਿੱਸੇਦਾਰੀ ਨਾਲ ਚਲਾਏ ਜਾਣਗੇ, ਭਾਵ ਇਹਨਾਂ ਮੈਡੀਕਲ ਕਾਲਜਾਂ ਵਿੱਚ 50 ਫੀਸਦੀ ਬੈੱਡ ਸਰਕਾਰ ਦੇ ਹਿੱਸੇ ਦੇ ਹੋਣਗੇ ਅਤੇ 50 ਫੀਸਦੀ ਬੈੱਭ ਪ੍ਰਾਈਵੇਟ ਕੰਪਨੀ ਦੇ ਹਿੱਸੇ ਹੋਣਗੇ। ਸਿਹਤ ਵਿਭਾਗ ਵੱਲੋਂ ਤਿਆਰ ਕੀਤੀ ਯੋਜਨਾ ਅਨੁਸਾਰ ਸਰਕਾਰੀ ਹਿੱਸੇ ਦੇ 50 ਫੀਸਦੀ ਬੈਡਾਂ ਤੇ ਸਰਕਾਰੀ ਰੇਟਾਂ ‘ਤੇ ਇਲਾਜ ਕੀਤਾ ਜਾਵੇਗਾ ਜਦ ਕਿ ਪ੍ਰਾਈਵੇਟ ਹਿੱਸੇ ਦੇ 50 ਫੀਸਦੀ ਬੈੱਡਾਂ ‘ਤੇ ਇਲਾਜ ਦੀ ਕੀਮਤ ਪ੍ਰਾਈਵੇਟ ਕੰਪਨੀ ਤੈਅ ਕਰੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ‘ਚ ਛੇ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਇਹਨਾਂ ਵਿੱਚੋਂ ਮੋਹਾਲੀ ਨੂੰ ਛੱਡ ਕੇ ਹੋਰ ਕਿਧਰੇ ਵੀ ਕੰਮ ਸ਼ੁਰੂ ਨਹੀਂ ਹੋਇਆ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਸ਼ਹਿਰ ਸੰਗਰੂਰ ਵਿੱਚ ਵੀ ਸਰਕਾਰ ਵੱਲੋਂ ਮੈਡੀਕਲ ਕਾਲਜ ਨਹੀਂ ਖੋਲ ਸਕੇ ਸਗੋਂ ਇੱਥੇ ਵੀ ਉਹਨਾਂ ਨੂੰ ਪ੍ਰਾਈਵੇਟ ਕੰਪਨੀ ਦੀ ਹਿੱਸੇਦਾਰੀ ਲੈਣੀ ਪੈ ਰਹੀ ਹੈ। ਸੂਬੇ ‘ਚ ਸਿੱਖਿਆ ਕ੍ਰਾਂਤੀ ਮੁਹਿੰਮ ਬੁਰੀ ਤਰ੍ਹਾਂ ਫੇਲ ਹੋਣ ਤੋਂ ਬਾਅਦ ਹੁਣ ਸਿਹਤ ਦੇ ਖੇਤਰ ਵਿੱਚ ਵੀ ਸਰਕਾਰ ਹੱਥ ਖੜੇ ਕਰਦੀ ਜਾਪਦੀ ਹੈ। ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸ਼ਹੀਦ ਭਗਤ ਸਿੰਘ ਨਗਰ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਦੋ ਮੈਡੀਕਲ ਕਾਲਜ ਪ੍ਰਾਈਵੇਟ ਹਿੱਸੇਦਾਰੀ ਨਾਲ ਬਣਾਉਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੀਪੀਪੀ ਮੋਡ ਦੇ ਨਾਲ ਵੀ ਚੰਗੇ ਤਰੀਕੇ ਨਾਲ ਮੈਡੀਕਲ ਕਾਲਜ ਵਿੱਚ ਚਲਾਏ ਜਾ ਸਕਦੇ ਹਨ।