ਚੰਡੀਗੜ੍ਹ,30 ਜੁਲਾਈ, Gee98 news service
ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ 2023 ਵਿੱਚ ਕੱਚਿਆਂ ਤੋਂ ਪੱਕੇ ਕੀਤੇ ਅਧਿਆਪਕਾਂ ਦੀਆਂ ਸੇਵਾਵਾਂ ਸਬੰਧੀ ਸਰਕਾਰ ਦਾ ਵੱਡਾ ਝੂਠ ਸਾਹਮਣੇ ਆ ਰਿਹਾ ਹੈ। ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਝੂਠ ਦਾ ਖੁਲਾਸਾ ਇਹਨਾਂ ਅਧਿਆਪਕਾਂ ਨੇ ਖ਼ੁਦ ਕਰਦੇ ਹੋਏ ਕਿਹਾ ਕਿ ਉਹ 31 ਜੁਲਾਈ ਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਮੌਕੇ ਮੁੱਖ ਮੰਤਰੀ ਪੰਜਾਬ ਦਾ ਘਿਰਾਓ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇ ਤੋ ਸਰਕਾਰੀ ਸਕੂਲਾਂ ਵਿੱਚ ਵੱਖਰੇ ਵੱਖਰੇ ਈਜੀਐਸ,ਏਆਈਈ,ਐੱਸਟੀਆਰ ਵਲੰਟੀਅਰਾਂ ਵਜੋਂ ਜਾਣੇ ਜਾਂਦੇ ਅਤੇ (ਹੁਣ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ) ਦੇ ਤੌਰ ‘ਤੇ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਅਧਿਆਪਕਾਂ ਨੂੰ 28 ਜੁਲਾਈ 2023 ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੱਕੇ ਕਰਨ ਦਾ ਐਲਾਨ ਕੀਤਾ ਸੀ। ਉਸ ਵੇਲੇ ਇਹਨਾਂ ਅਧਿਆਪਕਾਂ ਨਾਲ ਸੂਬਾ ਸਰਕਾਰ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਸਿਰਫ਼ 6 ਮਹੀਨੇ ਦੇ ਅੰਦਰ ਅੰਦਰ ਇਨ੍ਹਾਂ ਅਧਿਆਪਕਾਂ ਦੀ ਤਨਖਾਹ 36000 ਕਰ ਦਿੱਤੀ ਜਾਵੇਗੀ ਪ੍ਰੰਤੂ ਹੁਣ ਤਿੰਨ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਇਹਨਾਂ ਅਧਿਆਪਕਾਂ ਨਾਲ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਅਤੇ ਸਿੱਖਿਆ ਵਿਭਾਗ ਅਜੇ ਤੱਕ ਵੀ ਇਹਨਾਂ ਅਧਿਆਪਕਾਂ ਦੀ ਨੌਕਰੀ ਦੇ ਨਿਯਮ ਬਣਾਉਣ ਨੂੰ ਤਿਆਰ ਨਹੀਂ ਅਤੇ ਨਾ ਹੀ ਇਹਨਾਂ ਅਧਿਆਪਕਾਂ ਦੀ ਨੌਕਰੀ ‘ਚ ਛੁੱਟੀਆਂ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਹੈ।
ਇਹਨਾਂ ਅਧਿਆਪਕਾਂ ਨੇ ਕਈ ਵਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਕੀਤੀ ਪ੍ਰੰਤੂ ਹਰ ਵਾਰ ਇਹਨਾਂ ਦੇ ਪੱਲੇ ਲਾਰੇ ਹੀ ਪਏ। ਇਹਨਾਂ ਐਸੋਸੀਏਟ ਅਧਿਆਪਕਾਂ ਨੂੰ ਪੂਰੇ ਭੱਤੇ ਅਤੇ ਰੈਗੂਲਰ ਅਧਿਆਪਕਾਂ ਵਾਲੀਆਂ ਸਹੂਲਤਾਂ ਨਾਲ ਪੱਕੀਆਂ ਅਸਾਮੀਆਂ ‘ਤੇ ਰੈਗੂਲਰ ਕਰਨ ਦੀਆਂ ਮੰਗਾਂ ਅਜੇ ਵੀ ਬਰਕਰਾਰ ਹਨ ਜਦਕਿ ਦੂਜੇ ਪਾਸੇ ਸਰਕਾਰ ਨੇ ਇਹਨਾਂ ਨੂੰ ਪੱਕੇ ਕਰਨ ਦੇ ਪ੍ਰਚਾਰ ‘ਤੇ ਕਰੋੜਾਂ ਰੁਪਏ ਖਰਚ ਕੀਤੇ ਸਨ। ਸਰਕਾਰ ਦੇ ਇਹਨਾਂ ਪ੍ਰਤੀ ਰਵੱਈਏ ਤੋਂ ਤੰਗ ਆ ਕੇ ਹੁਣ ਇਹਨਾਂ ਐਸੋਸੀਏਟ ਅਧਿਆਪਕਾਂ ਨੇ ਹੁਣ 31 ਜੁਲਾਈ ਨੂੰ ਸੁਨਾਮ ਵਿਖੇ ਮੁੱਖ ਮੰਤਰੀ ਦੇ ਘਿਰਾਓ ਦਾ ਫੈਸਲਾ ਲਿਆ ਹੈ ਜਿਸ ਨੂੰ ਲਾਗੂ ਕਾਰਨ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਅਧਿਆਪਕਾਂ ਦੀ ਜੱਥੇਬੰਦੀ ਸ਼ਹੀਦ ਕਿਰਨਜੀਤ ਕੌਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਦੀ ਆਗੂ ਵੀਰਪਾਲ ਕੌਰ ਸਿਧਾਣਾ, ਰਜਿੰਦਰ ਚੌਹਾਨ,ਗੁਰਤੇਜ ਸਿੰਘ ਅਤੇ ਹਰਵਿੰਦਰ ਦਿੜਬਾ ਨੇ ਕਿਹਾ ਕਿ ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।