ਬਰਨਾਲਾ ,30 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ‘ਚ ਅੱਜਕੱਲ੍ਹ ਘਪਲਿਆਂ ਦੀ ਗੂੰਜ ਦੀ ਆਵਾਜ਼ ਬਲੈਕਆਊਟ ਦੇ ਸਾਇਰਨ ਵਾਂਗ ਘਰ ਘਰ ਪੁੱਜੀ ਹੋਈ ਹੈ, ਥੋੜ੍ਹੇ ਜਿਹੇ ਦਿਨਾਂ ਬਾਅਦ ਕਿਸੇ ਨਾ ਕਿਸੇ ਪਾਸੇ ਵੱਡੇ ਘਪਲੇ ਦਾ ਸੱਪ ਨਿਕਲ ਆਉਂਦਾ ਹੈ ਜਿਸ ਤੋਂ ਬਾਅਦ ਜਿੱਥੇ ਵਿਰੋਧੀ ਧਿਰ ਦੋਸ਼ਾਂ ਦੀ ਝੜੀ ਸ਼ੁਰੂ ਕਰ ਦਿੰਦੀ ਹੈ ਕਿ ਇਹ ਸੱਪ ਸੱਤਾਧਾਰੀਆਂ ਦੀ ਪਟਾਰੀ ਵਿੱਚੋਂ ਨਿਕਲਿਆ ਹੈ ਪਰੰਤੂ ਦੂਜੇ ਪਾਸੇ ਸੱਤਾਧਾਰੀ ਦੋਸ਼ਾਂ ਦਾ ਜਵਾਬ ਦੇਣ ਦੀ ਬਜਾਏ ਘਪਲਿਆਂ ਦੇ ਵੱਡੇ ਸੱਪ ਨੂੰ ਚੁੱਪ ਚਾਪ ਪਟਾਰੀ ‘ਚ ਬੰਦ ਕਰਨ ਦੇ ਯਤਨ ਸ਼ੁਰੂ ਕਰ ਦਿੰਦੇ ਹਨ। ਧਨੌਲਾ ਨਗਰ ਕੌਂਸਲ ਤਹਿਤ ਜ਼ਮੀਨੀ ਘਪਲੇ ਦੇ ਦੋਸ਼, ਨਗਰ ਕੌਂਸਲ ਬਰਨਾਲਾ ‘ਚ ਵੱਡੇ ਘਪਲੇ ਦੇ ਦੋਸ਼, ਸ਼ਹਿਰ ‘ਚ ਸੀਵਰੇਜ ਦੀ ਗਰਾਂਟ ‘ਚ ਵੱਡੇ ਘਪਲੇ ਦੇ ਦੋਸ਼, ਸ਼ਹਿਰ ,ਚ ਬਣੀਆਂ ਸੜਕਾਂ ‘ਤੇ ਵਰਤੇ ਗਏ ਮੈਟੀਰੀਅਲ ‘ਚ ਵੱਡੇ ਘਪਲੇ ਦੇ ਦੋਸ਼ਾਂ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ। ਹੁਣ ਤਾਜ਼ਾ ਮਾਮਲਾ ਟਰੱਕ ਯੂਨੀਅਨ ਬਰਨਾਲਾ ਦੀ ਬੇਸ਼ਕੀਮਤੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਲੀਜ਼ ‘ਤੇ ਦੇਣ ਦਾ ਸਾਹਮਣੇ ਆਇਆ ਹੈ। ਵਿਰੋਧੀ ਧਿਰ ਵੱਲੋਂ ਇਸ ਵਿੱਚ ਵੀ ਵੱਡੇ ਘਪਲੇ ਦੇ ਦੋਸ਼ ਲਗਾਏ ਜਾ ਰਹੇ ਹਨ। ਟਰੱਕ ਯੂਨੀਅਨ ਦੀ ਰਾਏਕੋਟ ਰੋਡ ‘ਤੇ ਇਸ ਜਗ੍ਹਾ ਦਾ ਮਹਿਜ਼ 6500 ਸਲਾਨਾ ਪਟਾਨਾਮਾ ਸੰਗਰੂਰ ਨਿਵਾਸੀ ਮਨਜੀਤ ਕੌਰ ਦੇ ਨਾਮ ਲਿਖਾਏ ਜਾਣ ‘ਤੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਸਿੱਧੇ ਸਵਾਲਾਂ ਦੇ ਘੇਰੇ ਵਿੱਚ ਹਨ।
ਕਰੋੜਾਂ ਦੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦਿੱਤੇ ਜਾਣ ਦੇ ਦੋਸ਼ਾਂ ਦੀ ਝੜੀ ਲੱਗਣ ਤੋਂ ਬਾਅਦ ਭਾਵੇਂ ਪ੍ਰਧਾਨ ਹਰਦੀਪ ਸਿੰਘ ਸਿੱਧੂ ਵੱਲੋਂ ਇਸ ਪਟੇਨਾਮੇ ਨੂੰ ਰੱਦ ਕਰਨ ਸਬੰਧੀ ਇੱਕ ਦਸਤਾਵੇਜ਼ ਵਾਇਰਲ ਕਰਕੇ ਸਫ਼ਾਈਆਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ ਪ੍ਰਧਾਨ ਦੀਆਂ ਇਹ ਸਫ਼ਾਈਆਂ ਕਿਸੇ ਕੰਮ ਨਹੀਂ ਆ ਰਹੀਆਂ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਸਿਆਸੀ ਵਿਰੋਧੀ ਧਿਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਆਪਰੇਟਰ ਇਹ ਸਵਾਲ ਚੁੱਕ ਰਹੇ ਹਨ ਕਿ ਆਖ਼ਰ ਐਨੀ ਕੀਮਤੀ ਜਗ੍ਹਾ ਕੌਡੀਆਂ ਦੇ ਭਾਅ ਲੀਜ਼ ‘ਤੇ ਦਿੱਤੀ ਹੀ ਕਿਉਂ ਗਈ ? ਟਰੱਕ ਆਪਰੇਟਰ ਪਾਲਾ ਸਿੰਘ ਅਤੇ ਬਲਵੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਇਸ ਮਾਮਲੇ ਦੀ ਜਾਂਚ ਇਮਾਨਦਾਰੀ ਨਾਲ ਹੋ ਜਾਵੇ ਤਾਂ ਇਸ ਘਪਲੇ ਵਿੱਚ ਪ੍ਰਧਾਨ ਤੋਂ ਇਲਾਵਾ ਇਮਾਨਦਾਰੀ ਦਾ ਢਿੰਡੋਰਾ ਪਿੱਟਣ ਵਾਲੇ ਸਫੈਦਪੋਸ਼ ਵੀ ਸਾਹਮਣੇ ਆਉਣਗੇ। “ਆਪ” ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਇਕੱਲੇ ਪ੍ਰਧਾਨ ਦੀ ਹਿੰਮਤ ਨਹੀਂ ਹੈ ਕਿ ਉਹ ਐਨਾ ਵੱਡਾ ਫੈਸਲਾ ਆਪਣੇ ਪੱਧਰ ‘ਤੇ ਲੈ ਲਵੇ। ਦੂਜੇ ਪਾਸੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਸਥਾਨਕ ਆਪ ਦੇ ਵੱਡੇ ਆਗੂ ਭਾਵੇਂ ਲੱਖ ਯਤਨ ਕਰ ਲੈਣ ਪ੍ਰੰਤੂ ਉਹ ਘਪਲੇ ਦੇ ਇਸ ਵੱਡੇ ਸੱਪ ਨੂੰ ਹੁਣ ਪਟਾਰੀ ਵਿੱਚ ਨਹੀਂ ਪਾਉਣ ਦੇਣਗੇ ਸਗੋਂ ਇਸ ਦਾ ਫ਼ਨ ਕਾਨੂੰਨੀ ਤੌਰ ਤਰੀਕਿਆਂ ਨਾਲ ਕੁਚਲ ਦਿੱਤਾ ਜਾਵੇਗਾ।
ਇੱਥੇ ਇਹ ਵੀ ਯਾਦ ਰਹੇ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਅਜੇ ਪਿਛਲੇ ਮਹੀਨੇ ਬਰਨਾਲਾ ਦੇ ਆਰਟੀਓ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ ਅਤੇ ਹੁਣ ਆਪਣੇ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਪ੍ਰਧਾਨ ਵੱਲੋਂ ਵੱਖ-ਵੱਖ ਅਦਾਰਿਆਂ ਦੇ ਪੱਤਰਕਾਰਾਂ ਨੂੰ ਵੱਖ ਵੱਖ ਪੱਖ ਦਿੱਤਾ ਜਾ ਰਿਹਾ ਹੈ, ਜਿਵੇਂ ਕੁਝ ਪੱਤਰਕਾਰਾਂ ਨੂੰ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਕੋਈ ਜ਼ਮੀਨ ਪਟਾਨਾਮਾ ‘ਤੇ ਦਿੱਤੀ ਹੀ ਨਹੀਂ ਜਦਕਿ ਕੁਝ ਪੱਤਰਕਾਰਾਂ ਨੂੰ ਪ੍ਰਧਾਨ ਵੱਲੋਂ ਪਟਾਨਾਮਾ ਰੱਦ ਕਰਨ ਦੇ ਦਸਤਾਵੇਜ਼ ਦਿੱਤੇ ਗਏ। ਟਰੱਕ ਆਪਰੇਟਰ ਪਾਲਾ ਸਿੰਘ ਨੇ ਟਿੱਪਣੀ ਕੀਤੀ ਕਿ ਇਹ ਜ਼ਮੀਨੀ ਘਪਲਾ ਤਾਂ ਮਹਿਜ਼ ਇੱਕ ਟ੍ਰੇਲਰ ਹੈ ਇਸ ਤੋਂ ਇਲਾਵਾ ਵੀ ਟਰੱਕ ਯੂਨੀਅਨ ਵਿੱਚ ਇੰਨੇ ਵੱਡੇ ਘਪਲੇ ਹੋ ਚੁੱਕੇ ਹਨ ਜਿਨਾਂ ਨੂੰ ਸੁਣ ਕੇ ਸਾਹ ਚੜ ਜਾਂਦਾ ਹੈ। ਇਸ ਮਾਮਲੇ ਸਬੰਧੀ ਆਮ ਆਦਮੀ ਪਾਰਟੀ ਦੇ ਬਰਨਾਲਾ ਨਾਲ ਸੰਬੰਧਿਤ ਇੱਕ ਸੂਬਾ ਆਗੂ ਨੂੰ ਜਦੋਂ ਟਿੱਪਣੀ ਕਰਨ ਲਈ ਕਿਹਾ ਤਾਂ ਉਹ ‘ਆਫ਼ ਦੀ ਰਿਕਾਰਡ’ ਬੋਲਿਆ ਕਿ “ਜੇਕਰ ਬਰਨਾਲਾ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਵੀ “ਸਾਡੇ ਆਲੇ” ਸਥਿਤੀ ਨੂੰ ਸਮਝ ਅਤੇ ਸੰਭਾਲ ਨਹੀਂ ਰਹੇ…ਫਿਰ ਅਸੀਂ ਕੀ ਟਿੱਪਣੀ ਕਰੀਏ”।
ਫੋਟੋ ਕੈਪਸ਼ਨ-ਬਰਨਾਲਾ ਦੇ ਰਾਏਕੋਟ ਰੋਡ ‘ਤੇ ਟਰੱਕ ਯੂਨੀਅਨ ਦੀ ਜਗ੍ਹਾ ਦੀ ਬਾਹਰੀ ਤਸਵੀਰ