ਬਰਨਾਲਾ, 2 ਅਗਸਤ (ਨਿਰਮਲ ਸਿੰਘ ਪੰਡੋਰੀ)-
ਟਰੱਕ ਯੂਨੀਅਨ ਬਰਨਾਲਾ ਦੀ ਰਾਏਕੋਟ ਰੋਡ ‘ਤੇ ਧਰਮਕੰਡੇ ਵਾਲੀ ਜ਼ਮੀਨ ਹੁਣ ਟਰੱਕ ਯੂਨੀਅਨ ਦੀ ਮਾਲਕੀ ਅਧੀਨ ਹੀ ਰਹੇਗੀ। ਭਰੋਸੇਯੋਗ ਸੂਤਰਾਂ ਅਨੁਸਾਰ ਟਰੱਕ ਆਪਰੇਟਰਾਂ ਦੇ ਦਬਾਅ ਅੱਗੇ ਝੁਕਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਉਕਤ ਜਗ੍ਹਾ ਦੇ ਪਟੇਨਾਮੇ ਦਾ ਇੰਤਕਾਲ ਰੱਦ ਕਰਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਧਾਨ ਨੇ ਇਸ ਬੇਸ਼ਕੀਮਤੀ ਜਗ੍ਹਾ ਨੂੰ ਸਿਰਫ 6500 ਰੁਪਏ ਸਲਾਨਾ ਕੀਮਤ ਦੇ ਆਧਾਰ ‘ਤੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਸੰਗਰੂਰ ਨੂੰ 20 ਸਾਲਾਂ ਲਈ ਲੀਜ਼ ‘ਤੇ ਦੇ ਦਿੱਤਾ ਸੀ। ਇਸ ਮਾਮਲੇ ਦਾ ਜਦ ਟਰੱਕ ਆਪਰੇਟਰਾਂ ਨੂੰ ਪਤਾ ਲੱਗਿਆ ਤਾਂ ਦੁਨੀਆਂ ਦੇ ਬਹੁ ਗਿਣਤੀ ਟਰੱਕ ਅਪਰੇਟਰਾਂ ਨੇ ਪ੍ਰਧਾਨ ਦੇ ਇਸ ਕਦਮ ਨੂੰ ਟਰੱਕ ਅਪਰੇਟਰਾਂ ਦੇ ਹਿੱਤਾਂ ਦੇ ਉਲਟ ਦੱਸਦੇ ਹੋਏ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਟਰੱਕ ਆਪਰੇਟਰ ਸਭ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲੇ ਅਤੇ ਮੰਗ ਪੱਤਰ ਦਿੱਤਾ। ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਟਰੱਕ ਆਪਰੇਟਰਾਂ ਦੇ ਹਿੱਤਾਂ ਨੂੰ ਉਭਾਰਦੇ ਹੋਏ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਕਵਰ ਕੀਤਾ ਤਾਂ ਇਸ ਦਾ ਸੇਕ ਸੱਤਾਧਾਰੀ ਪਾਰਟੀ ਨੂੰ ਵੀ ਲੱਗਿਆ ਕਿਉਂਕਿ ਯੂਨੀਅਨ ਦੇ ਮੌਜੂਦਾ ਪ੍ਰਧਾਨ ਨੂੰ ਬਰਨਾਲਾ ਦੇ ਸੱਤਾਧਾਰੀ ਆਗੂਆਂ ਨੇ ਆਪਣੇ ਅਸ਼ੀਰਵਾਦ ਸਦਕਾ ਹੀ ਯੂਨੀਅਨ ਦੀ ਪ੍ਰਧਾਨਗੀ ਸੌਂਪੀ ਹੈ।
ਕਈ ਦਿਨ ਇਹ ਮਾਮਲਾ ਪੂਰੀਆਂ ਸੁਰਖੀਆਂ ਵਿੱਚ ਰਿਹਾ ਅਤੇ ਇਹਨਾਂ ਦਿਨਾਂ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਪਾਣੀ ਪੀ-ਪੀ ਕੇ ਕੋਸਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ਟਰੱਕ ਅਪਰੇਟਰਾਂ ਨੇ ਟਰੱਕ ਯੂਨੀਅਨ ਦੀ ਵਿਹੜੇ ਵੱਡਾ ਕਦਮ ਚੁੱਕਦੇ ਹੋਏ ਸੁਖਪਾਲ ਸਿੰਘ ਪਾਲਾ ਸੰਧੂ ਨੂੰ ਯੂਨੀਅਨ ਦਾ ਨਵਾਂ ਪ੍ਰਧਾਨ ਬਣਾ ਦਿੱਤਾ, ਜਿਸ ਤੋਂ ਬਾਅਦ ਸੱਤਾਧਾਰੀ ਆਗੂਆਂ ਨੂੰ ਹੱਥਾਂ ਪੈਰਾਂ ਦੀ ਪਈ। ਜਾਣਕਾਰੀ ਅਨੁਸਾਰ ਬਰਨਾਲਾ ਤੋਂ ਜ਼ਿਮਨੀ ਚੋਣ ਲੜਨ ਵਾਲੇ ਆਪ ਆਗੂ ਹਰਿੰਦਰ ਸਿੰਘ ਧਾਲੀਵਾਲ ਨੇ ਪ੍ਰਧਾਨ ਦੇ ਫੈਸਲੇ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਆਗੂਆਂ ਨੂੰ ਆਪਣੇ ਕੋਲ ਬੁਲਾ ਕੇ ਰਾਜ਼ੀਨਾਮੇ ਲਈ ਮਨਾਉਣ ਦੇ ਯਤਨ ਵੀ ਕੀਤੇ ਪ੍ਰੰਤੂ ਟਰੱਕ ਆਪਰੇਟਰਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਸੁਖਪਾਲ ਸਿੰਘ ਪਾਲਾ ਦੀ ਅਗਵਾਈ ਹੇਠ ਆਪਣੇ ਸੰਘਰਸ਼ ਨੂੰ ਬਰੇਕਾਂ ਲਗਾਉਣ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਮੀਡੀਆ ਰਾਹੀਂ ਲੋਕਾਂ ਦੀ ਕਚਹਿਰੀ ‘ਚ ਨਸ਼ਰ ਹੋਣ ਤੋਂ ਬਾਅਦ ਪ੍ਰਧਾਨ ਨੇ ਇੰਤਕਾਲ ਰੱਦ ਕਰਵਾਉਣ ਸਬੰਧੀ ਇੱਕ ਦਸਤਾਵੇਜ ਦੀ ਵਾਇਰਲ ਕੀਤਾ ਪ੍ਰੰਤੂ ਉਹ ਸਿਰਫ ਬਾਹਰੀ ਦਸਤਾਵੇਜ਼ ਹੀ ਸੀ ਜਦਕਿ ਮਾਲ ਰਿਕਾਰਡ ਦੇ ਅਨੁਸਾਰ ਉਕਤ ਜਗ੍ਹਾ ਦੀ ਮਾਲਕ ਮਨਜੀਤ ਕੌਰ ਬਣ ਚੁੱਕੀ ਸੀ। ਹਲਾਤਾਂ ਦੇ ਮੱਦੇਨਜ਼ਰ ਸੱਤਾਧਾਰੀ ਆਗੂਆਂ ਨੇ ਹਰ ਹੀਲੇ ਵਸੀਲੇ ਇਸ ਮਾਮਲੇ ਨੂੰ ਟਿਕਾਉਣ ਦੇ ਯਤਨ ਕੀਤੇ ਪ੍ਰੰਤੂ ਕਾਮਯਾਬੀ ਨਾ ਮਿਲੀ ਕਿਉਂਕਿ ਜਿੱਥੇ ਇੱਕ ਪਾਸੇ ਇਸ ਮਾਮਲੇ ਵਿੱਚ ਵਿਧਾਇਕ ਕਾਲਾ ਢਿੱਲੋਂ ਨੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਟਰੱਕ ਅਪਰੇਟਰਾਂ ਨੂੰ ਪੂਰੀ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਉੱਥੇ ਆਪ ਦੇ ਬਾਗੀ ਆਗੂ ਗੁਰਦੀਪ ਸਿੰਘ ਬਾਠ ਨੇ ਵੀ ਇਸ ਮਾਮਲੇ ‘ਚ ਸਥਾਨਕ ਸੱਤਾਧਾਰੀ ਆਗੂਆਂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ।
ਟਰੱਕ ਯੂਨੀਅਨ ਦੀ ਕਰੋੜਾਂ ਦੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦੇਣ ਦੇ ਮਾਮਲੇ ‘ਚ ਸਥਿਤੀ ਪੂਰੀ ਤਰ੍ਹਾਂ ਆਪਣੇ ਉਲਟ ਹੋਣ ਤੋਂ ਬਾਅਦ ਸਥਾਨਕ ਸੱਤਾਧਾਰੀ ਆਗੂਆਂ ਨੇ ਆਪਣੇ ਪੈਰ ਪਿਛਾਂਹ ਖਿੱਚਣ ਵਿੱਚ ਹੀ ਭਲਾਈ ਸਮਝੀ ਅਤੇ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ “ਅੱਕ ਚੱਬ ਕੇ ਜੇਠ ਨਾਲ ਲਾਉਣ ਵਾਂਗ” ਜ਼ਮੀਨ ਨੂੰ ਲੀਜ਼ ‘ਤੇ ਦੇਣ ਸਬੰਧੀ ਇੰਤਕਾਲ ਰੱਦ ਕਰਵਾ ਦਿੱਤਾ। ਹੁਣ ਭਾਵੇਂ ਸਥਾਨਕ ਸੱਤਾਧਾਰੀ ਆਗੂ ਸੱਤਾ ਦੇ ਜ਼ੋਰ ‘ਤੇ ਇਸ ਮਾਮਲੇ ਨੂੰ ਟਿਕਾਉਣ ਦੇ ਯਤਨ ਕਰਨਗੇ ਪ੍ਰੰਤੂ ਸੱਤਾਧਾਰੀ ਆਗੂਆਂ ਵੱਲੋਂ ਪਹਿਲਾਂ ਟਰੱਕ ਆਪਰੇਟਰਾਂ ਦੀ ਗੱਲ ਨਾ ਸੁਣਨ ਕਰਕੇ ਜੋ ਕੁੜੱਤਣ ਟਰੱਕ ਆਪਰੇਟਰਾਂ ਦੇ ਮਨਾਂ ‘ਚ ਪੈਦਾ ਹੋਈ ਹੁਣ ਉਸ ਨੂੰ ਕੋਈ ਲੌਲੀਪੋਪ ਫਿੱਕਾ ਨਹੀਂ ਕਰ ਸਕਦਾ।