Sunday Special
ਚੰਡੀਗੜ੍ਹ, 7 ਸਤੰਬਰ, Gee98 news service
-ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਜਕੁਮਾਰ ਰਾਹੁਲ ਗਾਂਧੀ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ “ਵੋਟ ਚੋਰੀ” ਦੇ ਮੁੱਦੇ ‘ਤੇ ਚਾਰੇ ਪਾਸੇ ਤੋਂ ਘੇਰਾ ਪਾਇਆ ਹੋਇਆ ਹੈ। ਭਾਵੇਂ ਕਿ ਚੋਣ ਕਮਿਸ਼ਨ ਨੇ ਵੋਟ ਚੋਰੀ ਦੇ ਮੁੱਦੇ ‘ਤੇ ਆਪਣੀਆਂ ਸਫ਼ਾਈਆਂ ਦੇਣ ਦੇ ਲੱਖ ਯਤਨ ਕੀਤੇ ਪਰੰਤੂ ਚੋਣ ਕਮਿਸ਼ਨ ਦੀਆਂ ਇਹ ਦਲੀਲਾਂ ਰਾਹੁਲ ਗਾਂਧੀ ਦੇ ਤੱਥਾਂ ਅੱਗੇ ਫਿੱਕੀਆਂ ਸਾਬਿਤ ਹੋ ਰਹੀਆਂ ਹਨ। ਇੱਕ ਪਾਸੇ ਚੋਣ ਕਮਿਸ਼ਨ ਰਾਹਲ ਗਾਂਧੀ ਦੇ ਦੋਸ਼ਾਂ ਨੂੰ ਫਜ਼ੂਲ ਦੇ ਦੋਸ਼ ਦੱਸ ਰਿਹਾ ਹੈ ਅਤੇ ਦੂਜੇ ਪਾਸੇ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਮੁੱਦੇ ਤਹਿਤ ਲਗਾਏ ਦੋਸ਼ਾਂ ਦੇ ਅਨੁਸਾਰ ਆਪਣੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ‘ਚ ਵੋਟ ਚੋਰੀ ਦੇ ਤੱਥਾਂ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਪ੍ਰਕਿਰਿਆ ਦੇ ਪਹਿਲੇ ਪੜਾਅ ਤਹਿਤ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ 2025 ਦੀ ਵੋਟਰ ਸੂਚੀ ਨੂੰ 2003 ਦੀ ਵੋਟਰ ਸੂਚੀ ਨਾਲ ਮਿਲਾਨ ਕਰਨ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੂਥ ਲੈਵਲ ਅਫਸਰਾਂ (ਬੀਐਲਓਜ਼) ਨੂੰ 2003 ਤੇ 2025 ਦੀ ਵੋਟਰ ਸੂਚੀਆਂ ਦਿੱਤੀਆਂ ਗਈਆਂ ਹਨ ਅਤੇ ਇਹ ਤਸਦੀਕ ਕਰਨ ਲਈ ਕਿਹਾ ਗਿਆ ਹੈ ਕਿ ਜਿਸ ਵੋਟਰ ਦੀ ਵੋਟ 2025 ਦੀ ਵੋਟਰ ਸੂਚੀ ਵਿੱਚ ਬਣੀ ਹੋਈ ਹੈ, ਇਹ ਵੇਖਿਆ ਜਾਵੇ ਕਿ ਕੀ ਉਸ ਵੋਟਰ ਦੀ ਵੋਟ 2003 ਦੀ ਵੋਟਰ ਸੂਚੀ ਵਿੱਚ ਹੈ ਜਾਂ ਨਹੀਂ, ਜੇਕਰ ਕਿਸੇ ਵੋਟਰ ਦੀ ਵੋਟ ਸਾਲ 2003 ਦੀ ਵੋਟਰ ਸੂਚੀ ਵਿੱਚ ਨਹੀਂ ਤਾਂ ਕੀ ਉਸਦੇ ਪਿਤਾ ਦੀ ਵੋਟ ਸਾਲ 2003 ਦੀ ਵੋਟਰ ਸੂਚੀ ਵਿੱਚ ਹੈ ਜਾਂ ਨਹੀਂ, ਜੇਕਰ ਉਸਦੇ ਪਿਤਾ ਦੀ ਵੀ ਵੋਟ ਸਾਲ 2003 ਦੀ ਵੋਟਰ ਸੂਚੀ ਵਿੱਚ ਨਹੀਂ ਹੈ ਤਾਂ ਕੀ ਉਸਦੇ ਦਾਦਾ ਦੀ ਵੋਟ ਸਾਲ 2003 ਦੀ ਵੋਟਰ ਸੂਚੀ ਵਿੱਚ ਹੈ ਜਾਂ ਨਹੀਂ। ਜੇਕਰ 2025 ਦੀ ਵੋਟਰ ਸੂਚੀ ਵਿੱਚ ਦਰਜ ਕਿਸੇ ਵੋਟਰ ਦੀ ਵੋਟ ਜਾਂ ਸਾਲ 2003 ਦੀ ਵੋਟਰ ਸੂਚੀ ਵਿੱਚ ਦਰਜ ਹੈ ਜਾਂ ਉਸ ਦੇ ਪਿਤਾ ਦੀ ਵੋਟ ਦਰਜ ਹੈ ਜਾਂ ਉਸਦੇ ਦਾਦੇ ਦੀ ਵੋਟ ਦਰਜ ਹੈ ਤਾਂ ਉਹ ਵੋਟਰ ਸਹੀ ਮੰਨਿਆ ਜਾਵੇਗਾ ਪਰੰਤੂ ਜੇਕਰ ਕਿਸੇ ਵੋਟਰ ਦੀ ਵੋਟ ਸਾਲ 2025 ਦੀ ਵੋਟਰ ਸੂਚੀ ਵਿੱਚ ਦਰਜ ਹੈ ਪ੍ਰੰਤੂ ਸਾਲ 2003 ਦੀ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ ਅਤੇ ਉਸਦੇ ਪਿਤਾ ਜਾਂ ਦਾਦੇ ਦੀ ਵੋਟ ਵੀ ਸਾਲ 2003 ਵੀ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ ਤਾਂ ਅਜਿਹੀਆਂ ਵੋਟਾਂ ‘ਤੇ ਚੋਣ ਕਮਿਸ਼ਨ ਅਗਲੀ ਕਾਰਵਾਈ ਕਰੇਗਾ।
ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨੇ ਪਹਿਲੇ ਪੜਾਅ ਤਹਿਤ ਦੋਵੇਂ ਵੋਟਰ ਸੂਚੀਆਂ ਦੀ ਮਿਲਾਨ ਰਿਪੋਰਟ ਹੀ ਮੰਗੀ ਹੈ ਅਤੇ ਰਿਪੋਰਟ ਦੇ ਅਨੁਸਾਰ ਬਣਦੀ ਕਾਰਵਾਈ ਬਾਅਦ ਵਿੱਚ ਕੀਤੀ ਜਾਵੇਗੀ। ਸਾਲ 2003 ਤੇ ਸਾਲ 2025 ਦੀਆਂ ਵੋਟਰ ਸੂਚੀਆਂ ਦੀ ਮਿਲਾਨ ਰਿਪੋਰਟ ਵਿੱਚ ਵੱਡੇ ਘਪਲੇ ਸਾਹਮਣੇ ਆਉਣ ਦੇ ਆਸਾਰ ਹਨ ਕਿਉਂਕਿ ਸ਼ਹਿਰੀ ਖੇਤਰ ਵਿੱਚ ਕੁਝ ਕੁ ਸਾਲਾਂ ਤੋਂ ਪ੍ਰਵਾਸੀ ਮਜ਼ਦੂਰਾਂ ਦੀਆਂ ਕਾਫੀ ਵੱਡੀ ਗਿਣਤੀ ਵਿੱਚ ਵੋਟਾਂ ਬਣ ਚੁੱਕੀਆਂ ਹਨ ਜਿਨਾਂ ਦੀਆਂ ਵੋਟਾਂ ਸਾਲ 2003 ਵਿੱਚ ਦਰਜ ਨਹੀਂ ਹਨ ਅਤੇ ਨਾ ਹੀ ਉਹਨਾਂ ਦੇ ਪੁਰਖਿਆਂ ਦੀਆਂ ਵੋਟਾਂ ਸਾਲ 2003 ਦੀ ਵੋਟਰ ਸੂਚੀ ਵਿੱਚ ਦਰਜ ਹਨ। ਭਾਵੇਂ ਕਿ ਚੋਣ ਕਮਿਸ਼ਨ ਇਸ ਨੂੰ ਰੂਟੀਨ ਦੀ ਸੁਧਾਈ ਪ੍ਰਕਿਰਿਆ ਦਾ ਨਾਮ ਦੇ ਦੇਵੇ ਪਰੰਤੂ ਇਹ ਸਾਰਾ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਹੀ ਹੋ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਵੱਲੋਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਜਾਂਦੀ ਹੈ ਜਾਂ ਫਿਰ ਕੋਈ ਠੋਸ ਕਾਰਵਾਈ ਕੀਤੀ ਜਾਵੇਗੀ।










