ਬਰਨਾਲਾ, 7 ਸਤੰਬਰ, (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਜਿੱਥੇ ਵੱਡੀ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਉਥੇ ਕਈ ਥਾਵਾਂ ‘ਤੇ ਕਮਜ਼ੋਰ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਕੀਮਤੀ ਜਾਨਾਂ ਵੀ ਚਲੀਆਂ ਗਈਆਂ। ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸ਼ਹਿਰ ਬਰਨਾਲਾ ਵਿੱਚ ਮਿਉਂਸਪਲ ਕਮੇਟੀ ਦੇ ਨੇੜੇ ਬਾਜੀਗਰ ਬਸਤੀ ਵਿੱਚ ਵੀ ਪਿਛਲੇ ਦਿਨੀਂ ਇੱਕ ਮਜ਼ਦੂਰ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਸੀ ਜਿਸ ਵਿੱਚ ਪਰਿਵਾਰ ਦੇ ਮੁਖੀ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਸਦੀ ਪਤਨੀ ਸਮੇਤ ਉਸਦੇ ਬੱਚੇ ਸਖ਼ਤ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਜ਼ਦੂਰ ਜਥੇਬੰਦੀ ਦੇ ਉਪਰਾਲੇ ਸਦਕਾ ਪੀੜ੍ਹਤ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਗਈ ਉੱਥੇ ਕੁਝ ਸਮਾਜਸੇਵੀ ਜਥੇਬੰਦੀਆਂ ਵੀ ਪਰਿਵਾਰ ਦੀ ਮਦਦ ਲਈ ਅੱਗੇ ਆਈਆਂ। ਇਸੇ ਤਰ੍ਹਾਂ ਹਮੇਸ਼ਾ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਲੋੜਵੰਦ ਲੋਕਾਂ ਦੇ ਹੱਕ ‘ਚ ਖੜਨ ਵਾਲੇ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਪਰਿਵਾਰ ਵੱਲੋਂ ਵੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਜਾਣ ਕਰਕੇ ਮਾਰੇ ਗਏ ਮਜ਼ਦੂਰ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਗਈ ਹੈ। ਵਿਧਾਇਕ ਢਿੱਲੋਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਰਾਜਪ੍ਰੀਤ ਕੌਰ ਢਿੱਲੋਂ ਨੇ ਸਵਰਗਵਾਸੀ ਮਜ਼ਦੂਰ ਲਖਵਿੰਦਰ ਸਿੰਘ ਦੀ ਪਤਨੀ ਨੂੰ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੰਦੇ ਹੋਏ ਭਵਿੱਖ ਵਿੱਚ ਵੀ ਪੀੜ੍ਹਤ ਪਰਿਵਾਰ ਦੀਆਂ ਲੋੜਾਂ ਸਬੰਧੀ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ੍ਰੀਮਤੀ ਢਿੱਲੋਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੁਦਰਤੀ ਆਫ਼ਤ ਦੇ ਇਸ ਦੌਰ ਵਿੱਚ ਪੀੜ੍ਹਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਲੋੜਵੰਦ ਲੋਕਾਂ ਦੀ ਮਦਦ ਲਈ ਤਤਪਰ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਰਬਜੀਤ ਕੌਰ ਖੁੱਡੀ, ਕਾਂਗਰਸ ਦੇ ਬਲਾਕ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ ਅਤੇ ਯੂਥ ਆਗੂ ਲੱਕੀ ਕੰਡਾ, ਜ਼ਿਲ੍ਹਾ ਜਨਰਲ ਸੈਕਟਰੀ ਰਾਜਨ ਗੋਇਲ ਆਦਿ ਵੀ ਹਾਜ਼ਰ ਸਨ।










