ਚੰਡੀਗੜ੍ਹ,11 ਸਤੰਬਰ, Gee98 News service
-ਕਿਸੇ ਵੀ ਡਾਕਟਰ ਵੱਲੋਂ ਕਿਸੇ ਮਰੀਜ਼ ਦੇ ਇਲਾਜ ਲਈ ਲਿਖੀ ਜਾਣ ਵਾਲੀ ਦਵਾਈ ਦੀ ਲਿਖਾਈ ਹੁਣ ਬਦਲ ਜਾਣ ਦੇ ਆਸਾਰ ਹਨ। ਧਿਆਨ ਰਹੇ ਕਿ ਜਦੋਂ ਵੀ ਕੋਈ ਮਰੀਜ਼ ਕਿਸੇ ਡਾਕਟਰ ਕੋਲ ਜਾਂਦਾ ਹੈ ਤਾਂ ਡਾਕਟਰ ਵੱਲੋਂ ਜਿਸ ਭਾਸ਼ਾ ਦੇ ਵਿੱਚ ਪਰਚੀ ‘ਤੇ ਦਵਾਈ ਲਿਖੀ ਜਾਂਦੀ ਹੈ, ਉਹ ਭਾਸ਼ਾ ਮਰੀਜ਼ ਦੀ ਸਮਝ ਵਿੱਚ ਆਉਣਾ ਤਾਂ ਦੂਰ ਦੀ ਗੱਲ ਰਹੀ ਸਗੋਂ ਕੋਈ ਭਾਸ਼ਾ ਮਾਹਿਰ ਵੀ ਡਾਕਟਰਾਂ ਦੀ ਉਸ ਲਿਖਾਈ ਨੂੰ ਨਹੀਂ ਸਮਝ ਸਕਦਾ। ਆਮ ਲੋਕਾਂ ਨੂੰ ਡਾਕਟਰਾਂ ਵੱਲੋਂ ਪਰਚੀ ‘ਤੇ ਦਵਾਈ ਦੇ ਰੂਪ ਵਿੱਚ ਲਿਖੀ ਹੋਈ ਇਬਾਰਤ ਘੋਰਘੰਡੇ ਹੀ ਲੱਗਦੇ ਹਨ।
ਹੁਣ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਦੇਸ਼ ਵਿੱਚ ਡਾਕਟਰਾਂ ਦੀ ਲਿਖਾਈ ਬਦਲਣ ਦੇ ਆਸਾਰ ਬਣ ਗਏ ਹਨ। ਸੁਪਰੀਮ ਕੋਰਟ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਪਹਿਲ ਕਰਦੇ ਹੋਏ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ 32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋਫੈਸਰ ਜੀਪੀ ਧਾਮੀ ਨੇ ਸਾਰੇ ਡਾਕਟਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਕਿਸੇ ਵੀ ਮਰੀਜ਼ ਨੂੰ ਪਰਚੀ ‘ਤੇ ਦਵਾਈ ਲਿਖਦੇ ਸਮੇਂ ਅੰਗਰੇਜ਼ੀ ਦੇ ਵੱਡੇ ਅੱਖਰਾਂ ਦੀ ਵਰਤੋਂ ਕਰਨ ਜਾਂ ਫਿਰ ਪ੍ਰਿੰਟ ਕਰਕੇ ਲਿਖਣ। ਉਹਨਾਂ ਕਿਹਾ ਕਿ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਹ ਵਿਵਸਥਾ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤੀ ਗਈ ਹੈ। ਕਿਉਂਕਿ ਅਕਸਰ ਡਾਕਟਰਾਂ ਦੀ ਲਿਖਾਈ ਸਾਫ਼ ਨਹੀਂ ਹੁੰਦੀ ਜਿਸ ਕਰਕੇ ਮੈਡੀਕਲ ਸਟੋਰ ਵਾਲੇ ਪੜ੍ਹਨ ਸਮੇਂ ਗ਼ਲਤ ਪੜ੍ਹ ਕੇ ਗ਼ਲਤ ਦਵਾਈ ਦੇ ਦਿੰਦੇ ਹਨ ਜਿਸ ਨਾਲ ਮਰੀਜ਼ਾਂ ਦੀ ਸਿਹਤ ‘ਤੇ ਗੰਭੀਰ ਅਸਰ ਪੈਂਦਾ ਹੈ। ਡਾਇਰੈਕਟਰ ਧਾਮੀ ਨੇ ਕਿਹਾ ਕਿ ਇਸ ਮਾਮਲੇ ‘ਚ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਡਾਕਟਰਾਂ ਨੂੰ ਹੁਣ ਦਵਾਈ ਲਿਖਦੇ ਸਮੇਂ ਸਾਫ਼ ਸਾਫ਼ ਲਿਖਾਈ ਦੀ ਵਰਤੋਂ ਕਰਨੀ ਪਵੇਗੀ। ਹਸਪਤਾਲ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਾਲ ਇਲਾਜ ਦੀ ਗੁਣਵੱਤਾ ਚੰਗੀ ਹੋਵੇਗੀ ਅਤੇ ਮਰੀਜ਼ਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ। ਡਾਇਰੈਕਟਰ ਧਾਮੀ ਨੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਹਨ।
ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਾਲ ਹੀ ਵਿੱਚ ਇੱਕ ਫੈਸਲੇ ‘ਚ ਕਿਹਾ ਸੀ ਕਿ ਮੈਡੀਕਲ ਰਿਕਾਰਡ ਪੜ੍ਹਨਯੋਗ ਹੋਣਾ ਕਿਸੇ ਵੀ ਮਰੀਜ਼ ਦਾ ਮੌਲਿਕ ਅਧਿਕਾਰ ਹੈ। ਅਦਾਲਤ ਨੇ ਇਸ ਨੂੰ ਸਿੱਧੇ ਤੌਰ ‘ਤੇ ਸੰਵਿਧਾਨ ਦੀ ਧਾਰਾ 21 (ਜੀਵਨ ਦੇ ਅਧਿਕਾਰ) ਨਾਲ ਜੋੜਦੇ ਹੋਏ ਕਿਹਾ ਸੀ ਕਿ ਜਦੋਂ ਤੱਕ ਮਰੀਜ਼ ਨੂੰ ਸਪੱਸ਼ਟ ਅਤੇ ਸਮਝਣਯੋਗ ਇਲਾਜ ਨਹੀਂ ਮਿਲੇਗਾ ਉਦੋਂ ਤੱਕ ਜੀਵਨ ਦਾ ਅਧਿਕਾਰ ਅਧੂਰਾ ਰਹੇਗਾ। ਡਾਕਟਰਾਂ ਦੀ ਟੇਢੀ ਮੇਢੀ ਅਤੇ ਖ਼ਰਾਬ ਲਿਖਾਈ ਦੇ ਕਾਰਨ ਕਈ ਵਾਰ ਮਰੀਜ਼ ਅਤੇ ਉਹਨਾਂ ਦੇ ਵਾਰਿਸ ਅਕਸਰ ਸਮਝ ਨਹੀਂ ਪਾਉਂਦੇ ਸਨ। ਕਈ ਵਾਰ ਮੈਡੀਕਲ ਸਟੋਰ ਵਾਲੇ ਵੀ ਅੰਦਾਜ਼ੇ ਨਾਲ ਹੀ ਦਵਾਈ ਦੇ ਦਿੰਦੇ ਹਨ ਤੇ ਗ਼ਲਤ ਦਵਾਈ ਮਰੀਜ਼ ਨੂੰ ਮਿਲ ਜਾਂਦੀ ਸੀ। ਅਦਾਲਤ ਨੇ ਇਸ ਨੂੰ ਵੱਡੀ ਲਾਪਰਵਾਹੀ ਦੱਸਿਆ ਅਤੇ ਕਿਹਾ ਕਿ ਜਦ ਡਿਜੀਟਲ ਸੁਵਿਧਾਵਾਂ ਮੌਜੂਦ ਹਨ ਤਾਂ ਖ਼ਰਾਬ ਅਤੇ ਨਾ ਪੜ੍ਹੀ ਜਾਣ ਵਾਲੀ ਲਿਖਾਈ ਮੰਨਣਯੋਗ ਨਹੀਂ ਹੋਵੇਗੀ। ਹੁਣ ਚੰਡੀਗੜ੍ਹ 32 ਸੈਕਟਰ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਨੇ ਅਦਾਲਤੀ ਹੁਕਮਾਂ ਦੀ ਰੌਸ਼ਨੀ ‘ਚ ਡਾਕਟਰਾਂ ਨੂੰ ਸਾਫ਼ ਸਾਫ਼ ਲਿਖਾਈ ਵਿੱਚ ਦਵਾਈ ਲਿਖਣ ਦੇ ਨਿਯਮ ਲਾਗੂ ਕਰ ਦਿੱਤੇ ਹਨ।










