ਚੰਡੀਗੜ੍ਹ,11 ਸਤੰਬਰ, Gee98 news service
-ਪਟਿਆਲਾ ਕੇਂਦਰੀ ਜੇਲ੍ਹ ਨਾਲ ਸਬੰਧਿਤ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਜਿਸਨੇ ਸੂਬੇ ਦੀਆਂ ਜੇਲ੍ਹਾਂ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਅਕਸਰ ਪੰਜਾਬ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਦੇ ਆਪਸ ਵਿੱਚ ਲੜਾਈ ਝਗੜੇ ਦੀਆਂ ਖ਼ਬਰਾਂ ਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪ੍ਰੰਤੂ ਕੇਂਦਰੀ ਜੇਲ੍ਹ ਪਟਿਆਲਾ ਇੱਕ ਅਜਿਹੀ ਘਟਨਾ ਵਾਪਰੀ ਜਿਸ ਦੇ ਤਹਿਤ ਇੱਕ ਬੰਦੀ ਨੇ ਪੰਜਾਬ ਪੁਲਿਸ ਦੇ ਇੱਕ ਸਾਬਕਾ ਡੀਐਸਪੀ ਸਮੇਤ ਦੋ ਸਾਬਕਾ ਐਸਐਚਓਜ਼ ਨੂੰ ਕੁਟਾਪਾ ਚਾੜਿਆ। ਇਹ ਪੁਲਿਸ ਅਫ਼ਸਰ ਝੂਠੇ ਪੁਲਿਸ ਮੁਕਾਬਲੇ ਵਿੱਚ ਸਜ਼ਾ ਜਾਫਤਾ ਹਨ। ਖ਼ਬਰ ਦੇ ਵੇਰਵੇ ਅਨੁਸਾਰ ਕੁਝ ਸਮਾਂ ਪਹਿਲਾਂ ਹੋਏ ਇੱਕ ਹਿੰਦੂ ਆਗੂ ਦੇ ਕਤਲ ਮਾਮਲੇ ‘ਚ ਜੇਲ੍ਹ ‘ਚ ਬੰਦ ਸੰਦੀਪ ਸਿੰਘ ਸਨੀ ਨਾਮ ਦੇ ਸਿੱਖ ਨੌਜਵਾਨ ਨੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ਾਂ ਤਹਿਤ ਸਜ਼ਾ ਕੱਟ ਰਹੇ ਤਤਕਾਲੀ ਡੀਐਸਪੀ ਗੁਰਬਚਨ ਸਿੰਘ ਅਤੇ ਤਤਕਾਲੀ ਐਸਐਚਓ ਸੂਬਾ ਸਿੰਘ ਸਮੇਤ ਇੱਕ ਹੋਰ ਐਸਐਚਓ ‘ਤੇ ਰਾਡ ਨਾਲ ਹਮਲਾ ਕਰਕੇ ਉਹਨਾਂ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ। ਇਹ ਸਾਰੇ ਸਾਬਕਾ ਪੁਲਿਸ ਅਫ਼ਸਰ ਇਸ ਵੇਲੇ ਹਸਪਤਾਲ ਵਿੱਚ ਜੇਰੇ ਇਲਾਜ ਹਨ। ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਅਫ਼ਸਰਾਂ ‘ਤੇ ਜੇਲ੍ਹ ਦੇ ਅੰਦਰ ਹੋਏ ਹਮਲੇ ਤੋਂ ਬਾਅਦ ਪੰਜਾਬ ਸਰਕਾਰ ਅਜਿਹੇ ਸਵਾਲਾਂ ਵਿੱਚ ਘਿਰੀ ਹੈ ਜਿਨਾਂ ਦਾ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ।










