ਚੰਡੀਗੜ੍ਹ,16 ਸਤੰਬਰ, Gee98 News service-
-ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਾਰ ਬੀਬੀ ਮਾਣੂੰਕੇ ਨੇ ਕਿਸੇ ਐਨਆਰਆਈ ਦੀ ਕੋਠੀ ਨਹੀਂ ਦੱਬੀ ਸਗੋਂ ਪੰਜਾਬ ਸਿਹਤ ਵਿਭਾਗ ਦੇ ਇੱਕ ਸੀਨੀਅਰ ਡਾਕਟਰ ਨੇ ਵਿਧਾਇਕਾ ਬੀਬੀ ਮਾਣੂੰਕੇ ‘ਤੇ ਗੰਭੀਰ ਦੋਸ਼ ਲਗਾਏ ਹਨ। ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਜਗਰਾਉਂ ਨੇ ਸਿਵਲ ਸਰਜਨ ਲੁਧਿਆਣਾ ਨੂੰ ਇੱਕ ਪੱਤਰ ਲਿਖ ਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ‘ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਹੈ ਕਿ “ਜੇਕਰ ਉਹਨਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਹੋਵੇਗੀ”। ਸੀਨੀਅਰ ਮੈਡੀਕਲ ਅਫ਼ਸਰ ਜਗਰਾਓਂ ਨੇ ਸਿਵਿਲ ਸਰਜਨ ਨੂੰ ਲਿਖੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਉਸ ਨੂੰ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਮੌਜੂਦਾ ਵਿਧਾਇਕ ਉਸ ਉੱਪਰ ਜਾਮਲੇਵਾ ਹਮਲੇ ਕਰਵਾ ਸਕਦੀ ਹੈ ਜਾਂ ਉਸ ਦੇ ਖ਼ਿਲਾਫ਼ ਧਰਨੇ ਲਗਵਾ ਸਕਦੀ ਹੈ ਤੇ ਜਾਂ ਔਰਤਾਂ ਦੇ ਸਰੀਰਕ ਸੋਸ਼ਣ ਸਬੰਧੀ ਝੂਠੇ ਮੁਕੱਦਮੇ ਦਰਜ ਕਰਵਾ ਸਕਦੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਨੇ ਇਹ ਵੀ ਲਿਖਿਆ ਕਿ ਇਸ ਸਬੰਧੀ ਪਹਿਲਾਂ ਇੱਕ ਦਰਖ਼ਾਸਤ ਡਾਇਰੈਕਟਰ PHSC ਵੱਲੋਂ ਪੜ੍ਹਤਾਲ ਕੀਤੀ ਗਈ ਸੀ ਜੋ ਕਿ ਮੁਕੰਮਲ ਹੋ ਚੁੱਕੀ ਹੈ ਹੁਣ ਉਹ ਮਾਮਲੇ ਨੂੰ ਦੁਬਾਰਾ ਉਠਾਉਣ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੀਨੀਅਰ ਮੈਡੀਕਲ ਅਫ਼ਸਰ ਨੇ ਕੁਝ ਦਿਨ ਪਹਿਲਾਂ ਵੀ ਇੱਕ ਮਾਮਲਾ ਧਿਆਨ ਵਿੱਚ ਲਿਆਂਦਾ ਸੀ ਕਿ ਹਸਪਤਾਲ ਵਿੱਚ ਡੋਪ ਟੈਸਟ ਕਰਵਾਉਣ ਸਬੰਧੀ ਵਿਧਾਇਕ ਦੇ ਪਤੀ ਵੱਲੋਂ ਪਾਜੀਟਿਵ ਡੋਪ ਟੈਸਟਾਂ ਨੂੰ ਨੈਗੇਟਿਵ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਸ ਸੀਨੀਅਰ ਮੈਡੀਕਲ ਅਫ਼ਸਰ ਦੀ ਜਗਰਾਉਂ ਤੋਂ ਬਦਲੀ ਵੀ ਕਰ ਦਿੱਤੀ ਗਈ ਹੈ। ਇਹ ਇੱਕ ਗੰਭੀਰ ਮਾਮਲਾ ਹੈ ਕਿ ਜਦੋਂ ਸਿਹਤ ਵਿਭਾਗ ਦੇ ਇੱਕ ਸੀਨੀਅਰ ਡਾਕਟਰ ਨੇ ਸੱਤਾਧਾਰੀ ਵਿਧਾਇਕ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹੋਰ ਗੰਭੀਰ ਦੋਸ਼ ਲਗਾਏ ਹਨ। ਦੱਸ ਦੇਈਏ ਕਿ ਬੀਬੀ ਸਰਵਜੀਤ ਕੌਰ ਮਾਣੂੰਕੇ ਜਗਰਾਓਂ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਅਤੇ ਉਹ ਸਰਕਾਰ ਬਣਨ ਤੋਂ ਲੈ ਕੇ ਹੀ ਵਿਵਾਦਾਂ ਵਿੱਚ ਰਹੇ ਹਨ।








