ਚੰਡੀਗੜ੍ਹ,4 ਅਕਤੂਬਰ, Gee98 news service-
-ਮਾੜੇ ਹਾਲਾਤਾਂ ਦਾ ਸ਼ਿਕਾਰ ਹੋਈਆਂ ਧੀਆਂ ਨੂੰ ਆਸਰਾ ਦੇਣ ਵਾਲੇ ਅਤੇ ਉਨਾਂ ਨੂੰ ਬਿਹਤਰੀਨ ਜਿੰਦਗੀ ਦੇਣ ਦਾ ਪਲੇਟਫਾਰਮ ਬਣੇ ਜਲੰਧਰ ਦੇ ਨਾਰੀ ਨਿਕੇਤਨ ਤੋਂ ਇੱਕ ਵਾਰ ਫੇਰ ਖੁਸ਼ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਰੀ ਨਿਕੇਤਨ ਵਿੱਚ ਰਹਿ ਰਹੀ ਕੁੜੀ ਕਾਜਲ ਸੰਗਰੂਰ ਜ਼ਿਲ੍ਹੇ ਦੇ ਕਸਬਾ ਸ਼ੇਰਪੁਰ ਦੀ ਪੰਚਾਇਤ ਪੱਤੀ ਖਲੀਲ ਦੇ ਊਧਮ ਸਿੰਘ ਦੀ ਜੀਵਨ ਸਾਥਣ ਬਣੇਗੀ। ਊਧਮ ਸਿੰਘ 5 ਅਕਤੂਬਰ ਨੂੰ ਨਾਰੀ ਨਿਕੇਤਨ ਬਰਾਤ ਲੈ ਕੇ ਜਾਵੇਗਾ ਤੇ ਕਾਜਲ ਨੂੰ ਵਿਆਹ ਕੇ ਲੈ ਆਵੇਗਾ, ਜਿਸ ਤੋਂ ਬਾਅਦ ਕਾਜਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ ਅਤੇ ਇਹੀ ਨਾਰੀ ਨਿਕੇਤਨ ਦੀ ਸਥਾਪਨਾ ਦਾ ਸੁਪਨਾ ਹੈ। ਦਰਅਸਲ, ਕੁਝ ਸਾਲ ਪਹਿਲਾਂ ਨਾਰੀ ਨਿਕੇਤਨ ਤੋਂ ਹੀ ਸੰਗਰੂਰ ਵਿਖੇ ਵਿਆਹੀ ਜਸਪ੍ਰੀਤ ਕੌਰ ਦੇ ਸਹੁਰਾ ਪਰਿਵਾਰ ਦੀ ਊਧਮ ਸਿੰਘ ਦੇ ਪਰਿਵਾਰ ਨਾਲ ਰਿਸ਼ਤੇਦਾਰੀ ਹੈ। ਜਸਪ੍ਰੀਤ ਦੇ ਚੰਗੇ ਸੰਸਕਾਰਾਂ ਨੂੰ ਵੇਖਦਿਆਂ ਹੀ ਊਧਮ ਸਿੰਘ ਦੇ ਪਰਿਵਾਰ ਨੇ ਉਸ ਨੂੰ ਆਪਣੇ ਪੁੱਤਰ ਲਈ ਕੁੜੀ ਲੱਭਣ ਦੀ ਜ਼ਿੰਮੇਵਾਰੀ ਦਿੱਤੀ ਸੀ। ਉਸ ਤੋਂ ਬਾਅਦ ਜਸਪ੍ਰੀਤ ਨੇ ਆਪਣੀ ਸਹੇਲੀ ਕਾਜਲ ਲਈ ਇਹ ਰਿਸ਼ਤਾ ਅੱਗੇ ਵਧਾਇਆ। ਫਿਰ ਊਧਮ ਸਿੰਘ ਦਾ ਪਰਿਵਾਰ ਨਾਰੀ ਨਿਕੇਤਨ ਗਿਆ ਜਿੱਥੇ ਸਾਰਿਆਂ ਨੇ ਕਾਜਲ ਨੂੰ ਪਸੰਦ ਕਰ ਲਿਆ। ਹੁਣ ਐਤਵਾਰ ਨੂੰ ਦੋਵੇਂ ਵਿਆਹ ਬੰਧਨ ‘ਚ ਬੱਝਣ ਜਾ ਰਹੇ ਹਨ। ਊਧਮ ਸਿੰਘ ਮਕੈਨਿਕ ਹੈ ਤੇ ਮੋਟਰ ਗੈਰੇਜ ‘ਚ ਕੰਮ ਕਰਦਾ ਹੈ। ਨਾਰੀ ਨਿਕੇਤਨ ਦੇ ਅਧਿਕਾਰੀਆਂ ਮੁਤਾਬਕ ਕਾਜਲ ਅਗਸਤ 2019 ‘ਚ ਮੁਸ਼ਕਲ ਹਾਲਾਤ ਕਾਰਨ ਨਾਰੀ ਨਿਕੇਤਨ ਆਈ ਸੀ। ਉਸ ਸਮੇਂ ਉਸ ਨੇ 10ਵੀਂ ਕਲਾਸ ਤੱਕ ਪੜ੍ਹਾਈ ਕੀਤੀ ਸੀ। ਇੱਥੇ ਰਹਿੰਦੇ ਹੋਏ ਉਸ ਨੇ ਨਾਰੀ ਨਿਕੇਤਨ ਦੇ ਸਕੂਲ ਤੋਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਸ ਦੀ ਰੁਚੀ ਦੇ ਅਨੁਸਾਰ ਉਸਨੂੰ ਸਰਕਾਰੀ ਆਈਟੀਆਈ ਲਾਜਪਤ ਨਗਰ ਤੋਂ ਕਾਸਮੇਟੋਲੋਜੀ ਦਾ ਕੋਰਸ ਕਰਵਾਇਆ ਗਿਆ। ਕੋਰਸ ਤੋਂ ਬਾਅਦ ਉਸ ਨੇ ਸੈਲੂਨ ‘ਚ ਨੌਕਰੀ ਕਰਕੇ ਆਪਣੇ ਹੁਨਰ ਨੂੰ ਨਿਖਾਰਿਆ ਅਤੇ ਹੁਣ ਉਹ ਆਪਣੇ ਪੈਰਾਂ ‘ਤੇ ਖੁਦ ਖੜ੍ਹੀ ਹੈ। ਅਧਿਕਾਰੀਆਂ ਮੁਤਾਬਕ ਕਾਜਲ ਬਹੁਤ ਹੀ ਹੋਣਹਾਰ ਤੇ ਸੰਸਕਾਰੀ ਬੱਚੀ ਹੈ। ਇਹੀ ਗੁਣ ਊਧਮ ਸਿੰਘ ਦੇ ਪਰਿਵਾਰ ਨੂੰ ਸਭ ਤੋਂ ਵੱਧ ਪਸੰਦ ਆਇਆ। ਨਾਰੀ ਨਿਕੇਤਨ ਦੀ ਡਾਇਰੈਕਟਰ ਨਿਵੇਦਤਾ ਜੋਸ਼ੀ ਨੇ ਕਾਜਲ ਦੇ ਵਿਆਹ ‘ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਧੀਆਂ ਵਿਆਹ ਜਾਂ ਗੋਦ ਲੈਣ ਤੋਂ ਬਾਅਦ ਸੁਖੀ ਹੋਣ, ਇਹੀ ਸੁਪਨਾ ਨਾਰੀ ਨਿਕੇਤਨ ਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਈਆਂ ਕੁੜੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ ਤੇ ਕਈ ਛੋਟੀਆਂ ਬੇਟੀਆਂ ਦੀ ਗੋਦ ਲੈਣ ਦੀ ਪ੍ਰਕਿਰਿਆ ਵੀ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਰੀ ਨਿਕੇਤਨ ਦੀ ਹਰ ਕੁੜੀ ਚੰਗੇ ਪਰਿਵਾਰ ‘ਚ ਜਾਵੇ, ਚਾਹੇ ਅਡਾਪਸ਼ਨ ਰਾਹੀਂ ਜਾਂ ਵਿਆਹ ਤੋਂ ਬਾਅਦ ਤੇ ਵਧੀਆ ਤਰੀਕੇ ਨਾਲ ਸੈਟਲ ਹੋਵੇ, ਇਹੀ ਸਾਡੇ ਲਈ ਸਭ ਤੋਂ ਵੱਡਾ ਕਰਮ ਹੈ। ਇਸ ਲਈ ਟਰੱਸਟ ਵੱਲੋਂ ਪਰਿਵਾਰਾਂ ਦੀ ਪੂਰੀ ਤਸਦੀਕ ਕਰਨ ਤੋਂ ਬਾਅਦ ਹੀ ਅੱਗੇ ਕਾਰਵਾਈ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਹਾਲੇ ਤੱਕ ਦੇ ਸਾਰੇ ਰਿਸ਼ਤੇ ਸਫ਼ਲ ਰਹੇ ਹਨ ਅਤੇ ਅਡਾਪਸ਼ਨ ਤੋਂ ਬਾਅਦ ਧੀਆਂ ਵੀ ਖੁਸ਼ਹਾਲ ਜੀਵਨ ਬਿਤਾ ਰਹੀਆਂ ਹਨ। ਨਾਰੀ ਨਿਕੇਤਨ ਦੇ ਪ੍ਰਬੰਧਕਾਂ ਨੇ ਊਧਮ ਸਿੰਘ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ।










