-ਅੱਜ ਸਵੇਰ ਤੋਂ ਹੀ ਟਰਾਈਡੈਂਟ ਗਰੁੱਪ ਦੇ ਮਾਲਕ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਅਸਤੀਫ਼ੇ ਦੀਆਂ ਖ਼ਬਰਾਂ ਛਾਈਆਂ ਹੋਈਆਂ ਹਨ। ਸ੍ਰੀ ਗੁਪਤਾ ਨੇ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਅਤੇ ਐਡਵਾਈਜਰੀ ਮੈਨੇਜਿੰਗ ਕਮੇਟੀ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ੍ਰੀ ਗੁਪਤਾ ਦੇ ਅਸਤੀਫ਼ੇ ਦੀਆਂ ਖ਼ਬਰਾਂ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਉਹਨਾਂ ਨੂੰ ਪੰਜਾਬ ਤੋਂ ਰਾਜ ਸਭਾ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ਤੋਂ ਰਾਜ ਸਭਾ ਦੀ ਇੱਕ ਸੀਟ ਸ੍ਰੀ ਸੰਜੀਵ ਅਰੋੜਾ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਹੈ। ਭਾਵੇਂ ਕਿ ਸ੍ਰੀ ਗੁਪਤਾ ਦੇ ਰਾਜ ਸਭਾ ਜਾਣ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਹੋਇਆ ਪ੍ਰੰਤੂ ਬਰਨਾਲਾ ਵਾਸੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਜੇਕਰ ਵਿਕਾਸ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਸ੍ਰੀ ਰਜਿੰਦਰ ਗੁਪਤਾ ਦਾ ਰਾਜ ਸਭਾ ਜਾਣਾ ਬਰਨਾਲਾ ਲਈ ਇੱਕ ਵੱਡੀ ਰਾਹਤ ਵਾਲੀ ਗੱਲ ਹੋਵੇਗੀ ਕਿਉਂਕਿ ਬਰਨਾਲਾ ਸਿੱਧੇ ਤੌਰ ‘ਤੇ ਕੇਂਦਰ ਵਿੱਚ ਭਾਈਵਾਲ ਬਣ ਜਾਵੇਗਾ, ਅਜਿਹਾ ਇਸ ਕਰਕੇ ਵੀ ਮੰਨਿਆ ਜਾ ਰਿਹਾ ਹੈ ਕਿ ਸ੍ਰੀ ਗੁਪਤਾ ਦੇ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਹੀ ਚੰਗੇ ਸੰਬੰਧ ਹਨ ਅਤੇ ਉਹ ਬਰਨਾਲਾ ਦੇ ਵਿਕਾਸ ਵਿੱਚ ਹੋ ਰਹੇ ਭੂਮਿਕਾ ਨਿਭਾ ਸਕਦੇ ਹਨ। ਪਦਮਸ਼੍ਰੀ ਰਜਿੰਦਰ ਗੁਪਤਾ ਦੇ ਅਸਤੀਫ਼ੇ ਨੂੰ ਰਾਜ ਸਭਾ ਦੀ ਸੀਟ ਨਾਲ ਇਸੇ ਕਰਕੇ ਵੀ ਜੋੜਿਆ ਜਾ ਰਿਹਾ ਹੈ ਕਿਉਂਕਿ ਹੋਰ ਕੋਈ ਵੱਡਾ ਕਾਰਨ ਹੀ ਨਹੀਂ ਹੈ ਜਿਸ ਕਰਕੇ ਉਹਨਾਂ ਨੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਭਾਵੇਂ ਕਿ “ਭੋਲੇ ਕੇ ਟਿੱਡੇ ਤੇ ਜੀਤ ਪੈਂਚਰਾਂ ਵਾਲੇ” ਨੂੰ ਕੱਟ ਕੇ ਹੀ ਬਰਨਾਲਾ ਨੂੰ ਇਹ ਵੱਡੀ ਸਿਆਸੀ ਪਾਵਰ ਮਿਲੇਗੀ ਪ੍ਰੰਤੂ ਬਰਨਾਲਾ ਵਾਸੀ ਖੁਸ਼ ਹਨ ਕਿ ਉਹਨਾਂ ਦੀ ਕੇਂਦਰ ਵਿੱਚ ਸਿੱਧੀ ਕੁੰਡੀ ਪੈ ਜਾਵੇਗੀ ਅਤੇ ਇਹ ਬਰਨਾਲਾ ਵਾਸੀਆਂ ਲਈ ਦੀਵਾਲੀ ਦਾ ਇੱਕ ਸ਼ਾਨਦਾਰ ਤੋਹਫ਼ਾ ਹੋਵੇਗਾ।










