ਬਰਨਾਲਾ, 4 ਅਕਤੂਬਰ ( ਨਿਰਮਲ ਸਿੰਘ ਪੰਡੋਰੀ )-
–ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਰਾਜ ਪੁਰਸਕਾਰ,ਯੰਗ ਅਧਿਆਪਕ ਪੁਰਸਕਾਰ, ਵਿਸ਼ੇਸ਼ ਅਧਿਆਪਕ ਪੁਰਸਕਾਰ ਅਤੇ ਪ੍ਰਬੰਧਕੀ ਪੁਰਸਕਾਰ 2025 ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਬਰਨਾਲਾ ਜ਼ਿਲ੍ਹੇ ਵਿੱਚੋਂ ਚਾਰ ਅਧਿਆਪਕਾਂ ਨੂੰ ਇਹਨਾਂ ਪੁਰਸਕਾਰਾਂ ਲਈ ਚੁਣਿਆ ਗਿਆ ਹੈ, ਜਿਨਾਂ ਵਿੱਚ ਸ੍ਰੀ ਕੁਲਦੀਪ ਸਿੰਘ ਹੈਡਮਾਸਟਰ ਗੌਰਮਿੰਟ ਹਾਈ ਸਰਕਾਰੀ ਹਾਈ ਸਕੂਲ ਮਹਿਲ ਖੁਰਦ, ਸ੍ਰੀ ਕਰਮਜੀਤ ਸਿੰਘ ਬਾਬਾ ਆਲਾ ਸਿੰਘ ਪ੍ਰਾਇਮਰੀ ਸਕੂਲ ਬਰਨਾਲਾ, ਸ੍ਰੀ ਸੁਖਬੀਰ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਨੂੰ ਅਧਿਆਪਕ ਰਾਜ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮਹਿਰਾਜ ਦੇ ਐਸੋਸੀਏਟ ਟੀਚਰ ਸ੍ਰੀ ਅੰਤਰਜੀਤ ਨੂੰ ਸਪੈਸ਼ਲ ਟੀਚਰ ਐਵਾਰਡ ਲਈ ਚੁਣਿਆ ਗਿਆ ਹੈ।
ਅਧਿਆਪਕ ਰਾਜ ਪੁਰਸਕਾਰ ਲਈ ਚੁਣੇ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਦੀਆਂ ਪੜ੍ਹਾਈ ਦੇ ਖੇਤਰ ਤੋਂ ਇਲਾਵਾ ਗਤੀਵਿਧੀਆਂ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਦਿੱਤੀਆਂ ਹੋਰ ਡਿਊਟੀਆਂ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਵੇਖਦੇ ਹੋਏ ਉਹਨਾਂ ਦੀ ਚੋਣ ਯਕੀਨੀ ਮੰਨੀ ਜਾ ਰਹੀ ਸੀ। ਸ੍ਰੀ ਕੁਲਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਬਲਾਕ ਮਹਿਲ ਕਲਾਂ ਦੇ ਪਿੰਡ ਛਾਪਾ ਦੇ ਜੰਮਪਲ ਹਨ ਜਿਨਾਂ ਨੇ ਅਧਿਆਪਨ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਹਾਕਮਵਾਲਾ ਤੋਂ ਅਕਤੂਬਰ 2014 ਵਿੱਚ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਉਹਨਾਂ ਨੇ ਮਾਨਸਾ ਜ਼ਿਲ੍ਹੇ ਦੀ ਹੀ ਪਿੰਡ ਚਕੇਰੀਆਂ ਵਿਖੇ ਵੀ ਸੇਵਾਵਾਂ ਦਿੱਤੀਆਂ ਅਤੇ ਪਿੰਡ ਚਕੇਰੀਆਂ ਤੋਂ ਬਾਅਦ ਉਹਨਾਂ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਉਗੋਕੇ ਵਿਖੇ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਦਿੱਤੀਆਂ, ਇਸ ਤੋਂ ਬਾਅਦ ਅਕਤੂਬਰ 2018 ਦੇ ਵਿੱਚ ਸ੍ਰੀ ਕੁਲਦੀਪ ਸਿੰਘ ਦੀ ਬਦਲੀ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਵਿਖੇ ਹੋਈ ਜਿੱਥੇ ਉਹ ਹੁਣ ਤੱਕ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਰਹੇ ਹਨ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਜਿੱਥੇ ਬਹੁਤੇ ਅਧਿਆਪਕ ਆਪਣੀ ਨੌਕਰੀ ਦੇ ਨਾਲ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਵਾਧੂ ਡਿਊਟੀਆਂ ਨਿਭਾਉਣ ਤੋਂ ਕੰਨੀ ਕਤਰਾਉਂਦੇ ਹਨ ਉਹਤੇ ਕੁਲਦੀਪ ਸਿੰਘ ਨੇ ਹਮੇਸ਼ਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ‘ਤੇ ਉਹਨਾਂ ਨੂੰ ਦਿੱਤੀਆਂ ਡਿਊਟੀਆਂ ਨੂੰ ਸਮਰਪਣ ਭਾਵਨਾ ਦੇ ਨਾਲ ਨਿਭਾਇਆ ਜਿਸ ਕਰਕੇ ਉਹਨਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਜ਼ਰ ਵਿੱਚ ਕੁਲਦੀਪ ਸਿੰਘ ਦਾ ਰੁਤਬਾ ਇੱਕ ਮਿਹਨਤੀ ਅਧਿਆਪਕ ਵਜੋਂ ਬਣਿਆ ਅਤੇ ਅਤੇ ਉਹਨਾਂ ਦੀ ਡਿਊਟੀ ਪ੍ਰਤੀ ਸਮਰਪਣ ਦੀ ਇਸੇ ਭਾਵਨਾ ਨੇ ਉਹਨਾਂ ਨੂੰ ਸਟੇਟ ਐਵਾਰਡ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ।
ਜੇਕਰ ਬਤੌਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਵਿੱਚ ਉਹਨਾਂ ਦੀਆਂ ਸੇਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਮੂੰਹੋਂ ਬੋਲਦੀਆਂ ਹਨ, ਜਿਨਾਂ ਵਿੱਚੋਂ ਮੁੱਖ ਤੌਰ ‘ਤੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉਹਨਾਂ ਨੇ ਬੱਚਿਆਂ ਦੇ ਮਾਪਿਆਂ ਅਤੇ ਹੋਰ ਸਮਾਜ ਸੇਵੀਆਂ ਨੂੰ ਪ੍ਰੇਰਿਤ ਕਰਕੇ ਸਰਕਾਰੀ ਗ੍ਰਾਂਟ ਤੋਂ ਬਿਨਾਂ ਵੀ ਸਕੂਲ ਦੀ ਦਿੱਖ ਸੰਵਾਰਨ ਵਿੱਚ ਸ਼ਲਾਘਾਯੋਗ ਹੈ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਅਧਿਆਪਕ ਦਿਵਸ ‘ਤੇ 5 ਸਤੰਬਰ ਨੂੰ ਹਰ ਸਾਲ ਸਰਕਾਰ ਵੱਲੋਂ ਅਧਿਆਪਕਾਂ ਨੂੰ ਇਹ ਪੁਰਸਕਾਰ ਦਿੱਤੇ ਜਾਂਦੇ ਹਨ ਪ੍ਰੰਤੂ ਇਸ ਵਾਰ ਹੜਾਂ ਦੇ ਕਾਰਨ ਇਹ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਹੁਣ 5 ਅਕਤੂਬਰ ਨੂੰ ਇਹ ਪੁਰਸਕਾਰ ਵਿਸ਼ਵ ਅਧਿਆਪਕ ਦਿਵਸ ‘ਤੇ ਦਿੱਤੇ ਜਾਣਗੇ।
ਫੋਟੋ ਕੈਪਸ਼ਨ- ਸਟੇਟ ਐਵਾਰਡ ਲਈ ਚੁਣੇ ਗਏ ਅਧਿਆਪਕ ਸ੍ਰੀ ਕੁਲਦੀਪ ਸਿੰਘ ਦੀ ਤਸਵੀਰ










