ਬਰਨਾਲਾ,16 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਵਿਖੇ 11 ਤੋਂ 14 ਅਕਤੂਬਰ ਤੱਕ ਹੋਏ ਪੰਜਾਬੀ ਯੂਨੀਵਰਸਿਟੀ ਦੇ ਬਰਨਾਲਾ-ਮਲੇਰਕੋਟਲਾ ਜ਼ੋਨਲ ਯੂਥ ਫੈਸਟੀਵਲ ਵਿੱਚ SSD ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਵਿੱਚ ਲੱਗਭੱਗ ਹਰ ਪ੍ਰਤਿਯੋਗਿਤਾ ਵਿੱਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਗੀਤ ਤੇ ਨਾਟਕ ਵਿੱਚ ਕਈ ਇਨਾਮ ਜਿੱਤਦੇ ਹੋਏ ਦੂਜੇ ਸਾਲ ਲਗਾਤਾਰ ਸੰਗੀਤ ਅਤੇ ਨਾਟਕ ਸ਼੍ਰੇਣੀਆਂ ਵਿੱਚ ਓਵਰਆਲ ਟਰਾਫੀ SSD ਕਾਲਜ ਦੇ ਨਾਮ ਕੀਤੀ। ਕਾਲਜ ਮੈਨੇਜਮੈਂਟ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੇ ਨਾਲ ਨਾਲ ਤਿਆਰੀਆਂ ਕਰਵਾਉਣ ਵਾਲੇ ਸਟਾਫ਼ ਮੈਂਬਰਾਂ ਅਤੇ ਪ੍ਰਸਿੱਧ ਅਦਾਕਾਰ ਅਤੇ ਡਾਇਰੈਕਟਰ ਭੁਪਿੰਦਰ ਬਰਨਾਲਾ ਨੂੰ ਦਿੱਤਾ। ਵਿਦਿਆਰਥੀਆਂ ਦੀ ਇਸ ਸਫ਼ਲਤਾ ‘ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਕੇਸ਼ ਜਿੰਦਲ ਨੇ ਕਿਹਾ ਕਿ ਇਹ ਸਮਝਦਾਰ ਰਹਿਨੁਮਾਈ ਅਤੇ ਕੋਚਾਂ ਦੀ ਵਿਸ਼ੇਸ਼ ਯੋਜਨਾ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ। ਉਨਾਂ ਕਿਹਾ ਕਿ ਮੈਨਜਮੈਂਟ ਦੇ ਵਿਸ਼ਵਾਸ ਨੇ ਵਿਦਿਆਰਥੀਆਂ ਨੂੰ ਨਵੀਂ ਉਡਾਣ ਦਿੱਤੀ,SSD ਦੀ ਇਹ ਜਿੱਤ ਸਾਡੇ ਸਾਰੇ ਪਰਿਵਾਰ ਲਈ ਮਾਣ ਦਾ ਪਲ ਹੈ।” SSD ਕਾਲਜ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਸ਼ਰਮਾ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ “ਇਹ SSD ਕਾਲਜ ਦੀ ਸਿਰਫ਼ ਟਰਾਫੀ ਜਿੱਤ ਨਹੀਂ, ਸਗੋਂ ਸਾਡੇ ਵਿਦਿਆਰਥੀਆਂ ਦੀ ਦ੍ਰਿੜਤਾ, ਕੋਚਾਂ ਦੀ ਕਾਬਲੀਅਤ ਤੇ ਭੁਪਿੰਦਰ ਬਰਨਾਲਾ ਵਰਗੇ ਸਮਰਪਿਤ ਵਿਅਕਤੀਆਂ ਦੇ ਸਹਿਯੋਗ ਦੀ ਜਿੱਤ ਹੈ। ਵਿਦਿਆਰਥੀਆਂ ਨੇ ਪਿਛਲੇ 60 ਦਿਨਾਂ ਤੋਂ ਦਿਨ-ਰਾਤ ਮਿਹਨਤ ਕੀਤੀ ਹੈ, ਜੋ ਸਾਡੇ ਕਾਲਜ ਦੀ ਸ਼੍ਰੇਸ਼ਠਤਾ ਦਾ ਪ੍ਰਤੀਕ ਹੈ।”
ਡਾ ਸ਼ਿਵ ਸਿੰਗਲਾ, ਡਾਇਰੈਕਟ.ਰ ਕਮ ਜਨਰਲ ਸਕੱਤਰ, SSD ਕਾਲਜ ਨੇ ਕਿਹਾ “ਸਾਡੇ ਵਿਦਿਆਰਥੀਆਂ ਨੇ ਦਿਖਾ ਦਿੱਤਾ ਹੈ ਕਿ ਜਦੋਂ ਉਤਸ਼ਾਹ, ਅਨੁਸ਼ਾਸਨ ਅਤੇ ਸੱਚੀ ਮਿਹਨਤ ਇਕੱਠੇ ਹੋਣ ਤਾਂ ਹਰ ਜਿੱਤ ਸੰਭਵ ਹੈ। ਪਿਛਲੇ 60 ਦਿਨਾਂ ਦੀ ਤਿਆਰੀ, ਕੋਚਾਂ ਦਾ ਸਮਰਪਣ ਅਤੇ ਭੂਪਿੰਦਰ ਬਰਨਾਲਾ ਜੀ ਵਰਗੇ ਵਿਅਕਤੀਆਂ ਦਾ ਸਹਿਯੋਗ SSD ਕਾਲਜ ਨੂੰ ਇਸ ਮੰਚ ‘ਤੇ ਲੈ ਆਇਆ ਹੈ। ਇਹ ਸਿਰਫ਼ SSD ਦੀ ਜਿੱਤ ਨਹੀਂ, ਸਗੋਂ ਬਰਨਾਲਾ ਜ਼ਿਲ੍ਹੇ ਦੀ ਮਾਣਯੋਗ ਪਛਾਣ ਹੈ।” ਉਨ੍ਹਾਂ ਕਿਹਾ ਕਿ SSD ਕਾਲਜ ਹਮੇਸ਼ਾਂ ਵਿਦਿਆਰਥੀਆਂ ਨੂੰ ਸਿੱਖਿਆ, ਸੱਭਿਆਚਾਰ, ਤੇ ਚਰਿਤਰ ਵਿਕਾਸ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ SSD ਕਾਲਜ ਹਮੇਸ਼ਾਂ ਵਿਦਿਆਰਥੀਆਂ ਨੂੰ ਅਕਾਦਮਿਕ, ਕਲਾਤਮਕ ਤੇ ਮਨੁੱਖੀ ਮੁੱਲਾਂ ਦੇ ਸੰਤੁਲਨ ਨਾਲ ਵਿਕਾਸ ਦੇ ਮੌਕੇ ਪ੍ਰਦਾਨ ਕਰਦਾ ਰਹੇਗਾ। ਉਨਾਂ ਕਿਹਾ ਕਿ ਇਸ ਸ਼ਾਨਦਾਰ ਜਿੱਤ ਵਿੱਚ ਡਾ. ਮਨਪ੍ਰੀਤ ਸਿੰਘ, SSD ਕਾਲਜ ਦੇ ਸੰਗੀਤ ਵਿਭਾਗ ਦੇ ਕੋਚ ਅਤੇ ਅਧਿਆਪਕ, ਦਾ ਯੋਗਦਾਨ ਬੇਮਿਸਾਲ ਰਿਹਾ। ਉਨਾਂ ਕਿਹਾ ਕਿ ਫੈਸਟੀਵਲ ਦੇ ਦੌਰਾਨ SSD ਕਾਲਜ ਦੇ ਗੁਰਪਿਆਰ ਸਿੰਘ ਨੇ ਆਪਣੀ ਉੱਤਮ ਕੋਆਰਡੀਨੇਸ਼ਨ ਅਤੇ ਪ੍ਰਬੰਧਨ ਕਾਬਲੀਅਤ ਨਾਲ ਸਮੂਹ ਪ੍ਰੋਗਰਾਮ ਨੂੰ ਬਹੁਤ ਸੁਚਾਰੂ ਢੰਗ ਨਾਲ ਚਲਾਇਆ।
ਇਸ ਯੂਥ ਫੈਸਟੀਵਲ ਵਿੱਚ ਐਸਐਸਡੀ ਕਾਲਜ ਦੇ ਵਿਦਿਆਰਥੀਆਂ ਨੇ ਸਮੂਹ ਸ਼ਬਦ/ਭਜਨ ਗਾਇਨ, ਸ਼ਾਸ਼ਤਰੀ ਸੰਗੀਤ ਗਾਇਨ (ਕਲਾਸੀਕਲ ਵੋਕਲ), ਸ਼ਾਸ਼ਤਰੀ ਸੰਗੀਤ ਵਾਦਨ (ਤਾਲ), ਸ਼ਾਸ਼ਤਰੀ ਸੰਗੀਤ ਵਾਦਨ (ਸਵਰ),ਪੱਛਮੀ ਗਾਇਨ (ਏਕਲ),ਲੋਕ ਸਾਜ਼ਾਂ ‘ਤੇ ਆਧਾਰਿਤ ਸਮੂਹਿਕ ਪੇਸ਼ਕਾਰੀ (Folk Orchestra), ਲੋਕ-ਸਾਜ਼, ਕਵੀਸ਼ਰੀ, ਵਾਰ-ਗਾਇਣ, ਸਕਿੱਟ,ਮਿਮਿਕਰੀ,ਨੁੱਕੜ ਨਾਟਕ, ਭੰਡ,ਸ਼ਾਸ਼ਤਰੀ ਨ੍ਰਿਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸਾਰਿਆਂ ਪ੍ਰਦਰਸ਼ਨਾਂ ਨੇ SSD ਕਾਲਜ ਦੀ ਕਲਾ, ਸੰਗੀਤ ਅਤੇ ਰੰਗਮੰਚ ਦੀ ਗਹਿਰਾਈ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਐਸਐਸਡੀ ਕਾਲਜ ਦੇ ਵਿਦਿਆਰਥੀਆਂ ਨੇ ਸਮੂਹ ਗਾਇਨ,ਸਗਮ ਸੰਗੀਤ (ਗ਼ਜ਼ਲ),ਪੱਛਮੀ ਸਾਜ਼ (ਏਕਲ), ਲੋਕਗੀਤ, ਸਗਮ ਸੰਗੀਤ (ਗੀਤ),ਕਲੀ ਗਾਇਣ, ਭਾਸ਼ਣ ਕਲਾ,ਇਕਾਂਗੀ ਨਾਟਕ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਲਘੂ ਫਿਲਮ,ਝੂੰਮਰ (ਲੜਕੇ),ਭੰਗੜਾ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।
ਕਾਵਿ ਉਚਾਰਣ,ਕਾਰਟੂਨਿੰਗ,ਖਿੱਦੋ ਬਣਾਉਣ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।










