ਚੰਡੀਗੜ੍ਹ ,17 ਅਕਤੂਬਰ, (ਨਿਰਮਲ ਸਿੰਘ ਪੰਡੋਰੀ)-
-ਟਰਾਈਡੈਂਟ ਗਰੁੱਪ ਦੇ ਮਾਲਕ ਪਦਮਸ਼੍ਰੀ ਰਾਜਿੰਦਰ ਗੁਪਤਾ ਸੰਭਾਵਨਾ ਦੇ ਅਨੁਸਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ। ਬਰਨਾਲਾ ਵਾਸੀਆਂ ਲਈ ਇਹ ਦੋਹਰੀ ਖੁਸ਼ੀ ਦਾ ਮੌਕਾ ਬਣਿਆ ਹੈ ਕਿਉਂਕਿ ਇਥੋਂ ਪਹਿਲਾਂ ਹੀ ਲੋਕ ਸਭਾ ਦੇ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਸਨ ਅਤੇ ਹੁਣ ਰਜਿੰਦਰ ਗੁਪਤਾ ਵੀ ਆਮ ਆਦਮੀ ਪਾਰਟੀ ਵੱਲੋਂ ਹੀ ਰਾਜਸਭਾ ਦੇ ਮੈਂਬਰ ਚੁਣੇ ਗਏ ਹਨ ਭਾਵ ਇਕੋ ਪਾਰਟੀ ਦੇ ਦੋ ਮੈਂਬਰ ਪਾਰਲੀਮੈਂਟ ਪਹਿਲੀ ਵਾਰ ਬਰਨਾਲਾ ਨੂੰ ਮਿਲੇ ਹਨ। ਜੇਕਰ ਬਰਨਾਲਾ ਦੇ ਸਿਆਸੀ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਥੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਉਲਟ ਪਾਰਟੀ ਦਾ ਵਿਧਾਇਕ ਹੀ ਚੁਣਿਆ ਜਾਂਦਾ ਰਿਹਾ ਹੈ, ਜਿਸ ਦਾ ਸੰਤਾਪ ਵੀ ਬਰਨਾਲਾ ਨੇ ਭੋਗਿਆ ਹੈ। ਭਾਵੇਂ ਕਿ ਬਰਨਾਲਾ ਨੇ ਸੁਰਜੀਤ ਸਿੰਘ ਬਰਨਾਲਾ ਮੌਕੇ ਮੁੱਖ ਮੰਤਰੀ ਦੇ ਅਹੁਦੇ ਦਾ ਸਵਾਦ ਵੀ ਚੱਖਿਆ ਪ੍ਰੰਤੂ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਬਰਨਾਲਾ ਦੀਆਂ ਧਾਰਮਿਕ, ਸਮਾਜਿਕ, ਵਿਦਿਅਕ ਸੰਸਥਾਵਾਂ ਵੱਲੋਂ ਸੋਸ਼ਲ ਮੀਡੀਆ ‘ਤੇ ਮੁਬਾਰਕਾਂ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਉਸ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਗੱਲ ਕੁਝ ਵੱਖਰੀ ਹੋਈ ਹੈ। ਬਰਨਾਲਾ ਵਾਸੀਆਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਜਿੱਥੇ ਬਾਕੀ ਸੂਬੇ ਦੇ ਲੋਕ ਸਿਆਸੀ ਮਦੁਰਾ ਤੁਪਕਾ ਤੁਪਕਾ ਪੀਣਗੇ ਉਥੇ ਬਰਨਾਲਾ ਵਾਲੇ ਬਾਟੇ ਨਾਲ ਪੀਣਗੇ, ਪਰ ਤਰੱਕੀਆਂ ਦੇ ਨਸ਼ੇ ਦੀ ਲੋਰ ਸਮਾਂ ਦੱਸੇਗਾ। ਇੱਕ ਉਦਯੋਗਪਤੀ ਦੇ ਨਾਤੇ ਰਾਜਿੰਦਰ ਗੁਪਤਾ ਬਰਨਾਲਾ ਦੇ ਵਿਕਾਸ ਵਿੱਚ ਪਹਿਲਾਂ ਹੀ ਵੱਡਾ ਯੋਗਦਾਨ ਪਾਉਂਦੇ ਆਏ ਹਨ ਅਤੇ ਹੁਣ ਬਰਨਾਲਾ ਵਾਸੀਆਂ ਦੀ ਉਮੀਦ ਹੋਰ ਵੀ ਵੱਡੀ ਹੋ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਰਾਜ ਸਭਾ ਦਾ ਮੈਂਬਰ ਚੁਣੇ ਜਾਣ ਤੋਂ ਬਾਅਦ ਰਾਜਿੰਦਰ ਗੁਪਤਾ ਦਾ ਕੱਦ ਹੋਰ ਵੱਡਾ ਹੋਇਆ ਹੈ ਪਰੰਤੂ ਇਸ ਦਾ ਇੱਕ ਦੂਜਾ ਪੱਖ ਇਹ ਵੀ ਹੈ ਕਿ ਰਾਜਿੰਦਰ ਗੁਪਤਾ ‘ਤੇ ਇੱਕ ਸਿਆਸੀ ਪਾਰਟੀ ਦਾ ਲੈਵਲ ਵੀ ਲੱਗ ਚੁੱਕਿਆ ਹੈ ਜਦ ਕਿ ਪਹਿਲਾਂ ਉਹ ਸਾਰੀਆਂ ਪਾਰਟੀਆਂ ਦੇ ਚਹੇਤੇ ਬਣੇ ਰਹੇ ਹਨ। ਕਾਰੋਬਾਰ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਰਾਜਿੰਦਰ ਗੁਪਤਾ ਨੇ ਆਪਣੀ ਝੰਡੀ ਬੁਲੰਦ ਰੱਖੀ ਹੈ ਪ੍ਰੰਤੂ ਹੁਣ ਵੇਖਣਾ ਹੋਵੇਗਾ ਕਿ ਉਹ ਸਿਆਸਤ ਦੇ ਖੇਤਰ ਵਿੱਚ ਇੱਕ ਸਿਆਸੀ ਪਾਰਟੀ ਦੇ ਪਲੇਟਫਾਰਮ ਤੋਂ ਵਿਚਰਦੇ ਹੋਏ ਦੂਜੀਆਂ ਸਿਆਸੀ ਪਾਰਟੀਆਂ ਨਾਲ ਆਪਣੀ ਕਾਰੋਬਾਰੀ ਚੁੰਝ ਕਿਵੇਂ ਮਿਲਾ ਕੇ ਰੱਖਣਗੇ। ਬਹਰਹਾਲ ! ਦੋ ਮੈਂਬਰ ਪਾਰਲੀਮੈਂਟ ਹੋਣ ਤੋਂ ਬਾਅਦ ਬਰਨਾਲਾ ਦੇ ਵਿਕਾਸ ਨਾਲ ਜੁੜੇ ਕਿਸੇ ਪੱਖ ਸਬੰਧੀ ਆਮ ਆਦਮੀ ਪਾਰਟੀ ਕੋਲ ਕੋਈ ਬਹਾਨਾ ਨਹੀਂ ਬਚੇਗਾ ਅਤੇ ਬਰਨਾਲਾ ਦੀ ਰਾਜਨੀਤੀ ਵਿੱਚ ਪੈਦਾ ਹੋਏ ਇਹ ਸਿਆਸੀ ਹਾਲਾਤ ਕਾਂਗਰਸ ਅਤੇ ਭਾਜਪਾ ਨੂੰ ਵੀ ਸੁਚੇਤ ਕਰਦੇ ਰਹਿਣਗੇ। ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਉਦਯੋਗਿਕ ਖੇਤਰ ਵਿੱਚ ਥੋੜੇ ਸਮੇਂ ‘ਚ ਬੁਲੰਦੀਆਂ ‘ਤੇ ਪਹੁੰਚਣ ਦੀ ਸਮਰੱਥਾ ਨੂੰ ਵੇਖਦੇ ਹੋਏ ਇਹੋ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਰਾਜ ਸਭਾ ਦੇ ਪਲੇਟਫਾਰਮ ‘ਤੇ ਵੀ ਪੰਜਾਬ ਅਤੇ ਖਾਸ ਕਰਕੇ ਆਪਣੇ ਖੇਤਰ ਦੀਆਂ ਸਮੱਸਿਆਵਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਗੇ, ਇਹੋ ਪੱਖ ਪਦਮਸ਼੍ਰੀ ਰਾਜਿੰਦਰ ਗੁਪਤਾ ਦੀ ਰਾਜਨੀਤਿਕ ਖੇਤਰ ਵਿੱਚ ਕਾਬਲੀਅਤ ਨੂੰ ਉਜਾਗਰ ਕਰੇਗਾ।










