ਚੰਡੀਗੜ੍ਹ,16 ਅਕਤੂਬਰ, Gee98 News service-
-ਪੰਜਾਬ ਪੁਲਿਸ ਦੇ ਇੱਕ ਸੀਨੀਅਰ IPS ਅਧਿਕਾਰੀ ਤੇ ਰੂਪਨਗਰ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਨੂੰ CBI ਦੀ ਟੀਮ ਵੱਲੋਂ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰਨ ਦੀ ਸਾਰੀ ਕਹਾਣੀ ਸਾਹਮਣੇ ਆ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਆਈਜੀ ਭੁੱਲਰ ਨੂੰ ਸੀਬੀਆਈ ਨੇ ਮੋਹਾਲੀ ਦਫ਼ਤਰ ਵਿੱਚੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਦੇ ਸਿਕੰਜੇ ‘ਚ ਦੇਣ ਵਾਲੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕਰੈਪ ਕਾਰੋਬਾਰੀ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਸੀਬੀਆਈ ਨੇ ਟਰੈਪ ਲਗਾ ਕੇ ਡੀਆਈਜੀ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਜਦੋਂ ਸਕਰੈਪ ਕਾਰੋਬਾਰੀ ਪੈਸੇ ਲੈ ਕੇ ਮੋਹਾਲੀ ਸਥਿਤ ਦਫ਼ਤਰ ਵਿੱਚ ਪਹੁੰਚਿਆ ਅਤੇ ਉਸਨੇ ਭੁੱਲਰ ਨੂੰ ਪੈਸੇ ਦਿੱਤੇ ਤਾਂ ਤੁਰੰਤ ਸੀਬੀਆਈ ਟੀਮ ਨੇ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਅਨੁਸਾਰ ਸੀਬੀਆਈ ਦੀ ਸਪੈਸ਼ਲ ਅਦਾਲਤ ਵਿੱਚ ਡੀਆਈਜੀ ਭੁੱਲਰ ਨੂੰ ਕੱਲ੍ਹ ਪੇਸ਼ ਕੀਤਾ ਜਾ ਸਕਦਾ ਹੈ। ਸਕਰੈਪ ਕਾਰੋਬਾਰੀ ਨੇ ਸ਼ਿਕਾਇਤ ਕੀਤੀ ਸੀ ਕਿ ਭੁੱਲਰ ਉਸਦੇ ਕਾਰਾਂ ਦੇ ਗ਼ੈਰ ਕਾਨੂੰਨੀ ਵਪਾਰ ਨੂੰ ਜਾਰੀ ਰੱਖਣ ਵਿੱਚ ਮਹੀਨਾਵਾਰ ਰਿਸ਼ਵਤ ਮੰਗ ਰਿਹਾ ਹੈ। ਡੀਆਈਜੀ ਨੇ ਪਹਿਲਾਂ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਪ੍ਰੰਤੂ ਬਾਅਦ ਵਿੱਚ ਰਿਸ਼ਵਤ ਦੀ ਇਹ ਰਕਮ ਡੀਆਈਜੀ ਨੇ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਜਿਸ ਤੋਂ ਬਾਅਦ ਸਕਰੈਪ ਕਾਰੋਬਾਰੀ ਨੇ ਸੀਬੀਆਈ ਤੱਕ ਪਹੁੰਚ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਇੱਕ ਗੁਪਤ ਟੀਮ ਦਾ ਗਠਨ ਕੀਤਾ ਅਤੇ ਟਰੈਪ ਲਗਾਇਆ। ਸੀਬੀਆਈ ਵੱਲੋਂ ਭੁੱਲਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਸੀਬੀਆਈ ਦੀ ਟੀਮ ਭੁੱਲਰ ਦੇ ਦਫ਼ਤਰ ਤੋਂ ਇਲਾਵਾ ਉਹਨਾਂ ਦੇ ਘਰ ਵਿੱਚ ਵੀ ਪੁੱਜੀ ਜਿੱਥੇ ਟੀਮ ਨੇ ਪੜ੍ਹਤਾਲ ਕੀਤੀ।
ਦੱਸ ਦੇਈਏ ਕਿ 2007 ਬੈਚ ਦਾ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਪੰਜਾਬ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦਾ ਬੇਟਾ ਹੈ। ਹਰਚਰਨ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਿਫ਼ਤਾਰ ਕੀਤੇ ਗਏ ਆਗੂ ਬਿਕਰਮ ਸਿੰਘ ਮਜੀਠੀਆ ਉੱਪਰ ਦਰਜ ਕੀਤੇ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਵਿੱਚ ਵੀ ਸ਼ਾਮਿਲ ਸੀ, ਜਿਸ ਸਬੰਧੀ ਬਣਾਈ ਗਈ ਸਪੈਸ਼ਲ ਜਾਂਚ ਟੀਮ ਦੀ ਅਗਵਾਈ ਵੀ ਉਹਨਾਂ ਨੇ ਕੀਤੀ ਸੀ ਅਤੇ ਮਜੀਠੀਆ ਤੋਂ ਪੁੱਛਗਿੱਛ ਵੀ ਕੀਤੀ ਸੀ ਹਾਲਾਂਕਿ ਬਾਅਦ ਵਿੱਚ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਭੁੱਲਰ ਨੂੰ ਪੰਜਾਬ ਸਰਕਾਰ ਨੇ ਜਨਵਰੀ 2023 ਵਿੱਚ ਡੀਆਈਜੀ ਪ੍ਰਮੋਟ ਕੀਤਾ ਸੀ ਅਤੇ ਦਸੰਬਰ 2023 ਵਿੱਚ ਪਟਿਆਲਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਸੀ ਅਤੇ ਨਵੰਬਰ 2024 ‘ਚ ਉਹਨਾਂ ਨੂੰ ਰੂਪਨਗਰ ਰੇਂਜ ਦਾ ਡੀਆਈਜੀ ਲਗਾਇਆ ਗਿਆ ਸੀ। ਹਰਚਰਨ ਸਿੰਘ ਭੁੱਲਰ ਨੇ ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਖੰਨਾ ,ਜਗਰਾਉਂ, ਗੁਰਦਾਸਪੁਰ ਅਤੇ ਹੋਰ ਜ਼ਿਲ੍ਹਿਆਂ ‘ਚ ਬਤੌਰ ਐਸਐਸਪੀ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਸੂਤਰਾਂ ਅਨੁਸਾਰ ਸੀਬੀਆਈ ਵੱਲੋਂ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਲਈ ਗਠਿਤ ਕੀਤੀ ਟੀਮ ਵਿੱਚ ਪੰਜਾਬ ਪੁਲਿਸ ਦੇ ਡੈਪੂਟੇਸ਼ਨ ‘ਤੇ ਗਏ ਕਿਸੇ ਮੁਲਾਜ਼ਮ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਪੰਜਾਬ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਦੀ ਰਿਸ਼ਵਤ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿੱਚ ਤਰਥੱਲੀ ਮੱਚੀ ਹੋਈ ਹੈ।










