ਬਰਨਾਲਾ,18 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਕਚਹਿਰੀ ਚੌਂਕ ਤੋਂ ਲੰਘਦੇ ਫਲਾਈਓਵਰ ਦੇ ਸਮੇਂ ਤੋਂ ਪਹਿਲਾਂ ਟੁੱਟ ਜਾਣ ਦਾ ਮਾਮਲਾ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਗਰੀ ਦੇ ਦਰਬਾਰ ਪੁੱਜ ਗਿਆ ਹੈ। ਪਿਛਲੇ ਦਿਨੀਂ ਬਰਨਾਲਾ ਤੋਂ ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਆਪਣੇ ਸਾਥੀਆਂ ਨਾਲ ਸ੍ਰੀ ਗਡਕਰੀ ਨਾਲ ਮੁਲਾਕਾਤ ਕਰਕੇ ਉਕਤ ਪੁਲ ਦਾ ਮੁੱਦਾ ਉਠਾਇਆ ਜਿਹੜਾ ਕਿ ਸਮੇਂ ਤੋਂ ਪਹਿਲਾਂ ਹੀ ਟੁੱਟ ਗਿਆ ਹੈ। ਸ੍ਰੀ ਸਿੱਧੂ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਥੋੜੇ ਸਮੇਂ ‘ਚ ਇਸ ਪੁਲ ਦੇ ਟੁੱਟ ਜਾਣ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਇਸ ਦੀ ਮੁਰੰਮਤ ਦਾ ਕੰਮ ਵੀ ਜਲਦੀ ਮੁਕੰਮਲ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਪੁੱਲ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਭਵਾਨੀਗੜ੍ਹ ਵਿਖੇ ਵੀ ਫਲਾਈਓਵਰ ਬਣਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਟਰੈਫਿਕ ਵਧ ਜਾਣ ਕਾਰਨ ਭਵਾਨੀਗੜ੍ਹ ਵਿੱਚੋਂ ਗੁਜ਼ਰਦੇ ਹੋਏ ਟਰੈਫਿਕ ਜਾਮ ਦੀ ਸਮੱਸਿਆ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਉੱਥੇ ਫਲਾਈਓਵਰ ਬਣਾਏ ਜਾਣਾ ਸਮੇਂ ਦੀ ਲੋੜ ਹੈ। ਸ੍ਰੀ ਸਿੱਧੂ ਨੇ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਇੱਕ ਹੋਰ ਮਾਮਲਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਧਿਆਨ ਵਿੱਚ ਲਿਆਂਦਾ ਕਿ ਕਈ ਥਾਵਾਂ ਤੋਂ ਲੋਕਾਂ ਨੇ ਆਪਣੇ ਪੱਧਰ ‘ਤੇ ਹੀ ਡਿਵਾਈਡਰ ਭੰਨ ਕੇ ਰਸਤੇ ਬਣਾ ਲਏ ਹਨ, ਜਿਸ ਨਾਲ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕੈਪਟਨ ਸਿੱਧੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਗਡਕਰੀ ਨੇ ਉਹਨਾਂ ਦੀਆਂ ਉਕਤ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਇਹਨਾਂ ਸਬੰਧੀ ਜਲਦੀ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਚੀਫ਼ ਇੰਜੀਨੀਅਰ ਇਕਬਾਲ ਸਿੰਘ, ਕੈਪਟਨ ਰਕੇਸ਼ ਪਾਂਡੇ, ਕੈਪਟਨ ਜਤਿੰਦਰਪਾਲ ਸਿੰਘ, ਗੁਰਦੇਵ ਸਿੰਘ ਮੱਕੜਾ ਅਤੇ ਬਲਕਾਰ ਸਿੰਘ ਵੀ ਹਾਜ਼ਰ ਸਨ।










