ਬਰਨਾਲਾ ,27 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਸਰਪੰਚਾਂ ਵਿਚਕਾਰ ਗੁਲਾਬ ਸਿੱਧੂ ਦੇ ਇੱਕ ਗੀਤ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਗੱਲ ਬਿਨਾਂ ਕਿਸੇ ਤਣ ਪੱਤਣ ਲੱਗਣ ਤੋਂ ਨਿਬੜ ਗਿਆ। ਜ਼ਿਕਰਯੋਗ ਹੈ ਕਿ ਗੁਲਾਬ ਸਿੱਧੂ ਨੇ ਆਪਣੇ ਨਵੇਂ ਗੀਤ ਵਿੱਚ ਕੁਝ ਸ਼ਬਦ “ਸਣੇ ਸਰਪੰਚ ਸਾਰਾ ਪਿੰਡ ਕੁੱਟਦੂੰ” ਲਿਖੇ ਸਨ ਜਿਨਾਂ ‘ਤੇ ਸਰਪੰਚਾਂ ਨੇ ਇਤਰਾਜ਼ ਕੀਤਾ ਅਤੇ ਸੰਘਰਸ਼ ਦਾ ਐਲਾਨ ਕਰਦੇ ਹੋਏ ਗੁਲਾਬ ਸਿੱਧੂ ਤੋਂ ਉਕਤ ਗੀਤ ਡਿਲੀਟ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਗਾਇਕ ਗੁਲਾਬ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਪਾ ਕੇ ਵੀ ਸਰਪੰਚਾਂ ਤੋਂ ਮਾਫ਼ੀ ਮੰਗੀ ਸੀ ਅਤੇ ਬੀਤੇ ਕੱਲ੍ਹ ਗੁਲਾਬ ਸਿੱਧੂ ਨੇ ਇਤਰਾਜ਼ ਕਰ ਰਹੇ ਕੁਝ ਸਰਪੰਚਾਂ ਨਾਲ ਨਿੱਜੀ ਤੌਰ ‘ਤੇ ਮਿਲਕੇ ਵੀ ਇਸ ਵਿਵਾਦ ਨੂੰ ਨਿਬੇੜਨ ਦਾ ਯਤਨ ਕੀਤਾ। ਸਰਪੰਚਾਂ ਨਾਲ ਮੁਲਾਕਾਤ ਦੌਰਾਨ ਗੁਲਾਬ ਸਿੱਧੂ ਨੇ ਕਿਹਾ ਕਿ ਉਹ ਅੱਗੇ ਤੋਂ ਇਤਰਾਜਯੋਗ ਸ਼ਬਦਾਂ ਤੇ “ਬੀਪ” ਲਗਾ ਦੇਵੇਗਾ ਪ੍ਰੰਤੂ ਜਿੱਥੇ ਕਿਤੇ ਇਹ ਗੀਤ ਡਾਊਨਲੋਡ ਹੋ ਚੁੱਕਿਆ ਉਹਦਾ ਕੋਈ ਹੱਲ ਨਹੀਂ ਹੈ। ਗੁਲਾਬ ਸਿੱਧੂ ਨੇ ਸਰਪੰਚਾਂ ਨੂੰ ਦੱਸਿਆ ਕਿ ਦਰਅਸਲ ਉਸਨੇ ਇਹ ਗੀਤ ਕੰਪਨੀ ਨੂੰ ਵੇਚ ਦਿੱਤਾ ਹੈ ਅਤੇ ਕੰਪਨੀ ਨੂੰ ਉਸਨੇ ਆਪਣੇ ਵੱਲੋਂ ਐਨਓਸੀ ਵੀ ਦੇ ਦਿੱਤਾ ਹੈ ਜਿਸ ਤੋਂ ਬਾਅਦ ਇਸ ਗੀਤ ਸਬੰਧੀ ਉਸਦੇ ਹੱਥ ਵਿੱਚ ਕੁਝ ਵੀ ਨਹੀਂ ਸਗੋਂ ਹੁਣ ਸਾਰਾ ਕੁਝ ਕੰਪਨੀ ਹੀ ਕਰ ਸਕਦੀ ਹੈ ਅਤੇ ਉਹ ਕੰਪਨੀ ਨੂੰ ਕੁਝ ਵੀ ਕਹਿਣ ਦੀ ਸਮਰੱਥਾ ਵਿੱਚ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਕੰਪਨੀ ਨੂੰ ਗੀਤ ਸਬੰਧੀ ਐਨਓਸੀ ਦੇ ਚੁੱਕਾ ਹੈ, ਇਸ ਤਰ੍ਹਾਂ ਗੁਲਾਬ ਸਿੱਧੂ ਨੇ ਸਰਪੰਚਾਂ ਨਾਲ ਮੁਲਾਕਾਤ ਵਿੱਚ “ਗਿੱਲੀ ਸੁੱਕੀ” ਮਾਫ਼ੀ ਮੰਗ ਕੇ ਮਾਮਲੇ ਨੂੰ ਨਿਬੇੜਨ ਦਾ ਯਤਨ ਕੀਤਾ ਭਾਵੇਂ ਕਿ ਮੁਲਾਕਾਤ ਵਿੱਚ ਹਾਜ਼ਰ ਸਰਪੰਚਾਂ ਨੇ ਗੁਲਾਬ ਸਿੱਧੂ ਦੀ ਗੀਤ ਦੇ ਸ਼ਬਦਾਂ ‘ਤੇ ‘ਬੀਪ’ ਲਗਾਉਣ ਦੀ ਯੋਜਨਾ ਨਾਲ ਸਹਿਮਤੀ ਪ੍ਰਗਟ ਕੀਤੀ ਪ੍ਰੰਤੂ ਜਿੱਥੇ ਗੀਤ ਡਾਊਨਲੋਡ ਹੋ ਚੁੱਕਿਆ ਉਸ ਮਾਮਲੇ ‘ਤੇ ਸਰਪੰਚ ਵੀ ਬੇਵੱਸ ਨਜ਼ਰ ਆਏ।
ਕੁੱਲ ਮਿਲਾ ਕੇ ਸਰਪੰਚਾਂ ਵੱਲੋਂ ਚੁੱਕਿਆ ਇਹ ਮੁੱਦਾ ਬਿਨਾਂ ਕਿਸੇ ਠੋਸ ਨਤੀਜੇ ਦੇ ਖ਼ਤਮ ਹੁੰਦਾ ਜਾਪਦਾ ਹੈ ਕਿਉਂਕਿ ਡਾਊਨਲੋਡ ਕੀਤੇ ਗੀਤ ਦਾ ਕੋਈ ਹੱਲ ਹੀ ਨਹੀਂ ਹੈ, ਜਿਸ ਵਿੱਚ ਸਰਪੰਚਾਂ ਨੂੰ ਇਤਰਾਜ਼ ਵਾਲੇ ਸ਼ਬਦ ਹੂਬਹੂ ਚੱਲਣਗੇ। ਗਾਇਕ ਗੁਲਾਬ ਸਿੱਧੂ ਅਤੇ ਸਰਪੰਚਾਂ ਦੀ ਇੱਕ ਮੁਲਾਕਾਤ ਵੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਰਿਹਾ ਕਿ ਗੁਲਾਬ ਸਿੱਧੂ ਨੇ ਮਾਫ਼ੀ ਕਿਵੇਂ ਮੰਗੀ ਅਤੇ ਸਰਪੰਚਾਂ ਨੇ ਉਸ ਨੂੰ ਮਾਫੂ ਕਿਵੇਂ ਕੀਤਾ ਕਿਉਂਕਿ ਬੀਪ ਲਗਾਉਣ ਨਾਲ ਤਾਂ ਗੀਤ ਖ਼ਤਮ ਨਹੀਂ ਹੋ ਜਾਵੇਗਾ ਅਤੇ ਸਰਪੰਚਾਂ ਨੂੰ ਇਤਰਾਜ਼ ਵਾਲੇ ਸ਼ਬਦ ਹਮੇਸ਼ਾ ਫ਼ਿਜ਼ਾ ਵਿੱਚ ਗੂੰਜਦੇ ਰਹਿਣਗੇ। ਦੂਜੇ ਪਾਸੇ ਇਸ ਮਾਮਲੇ ਦਾ ਇੱਕ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਹ ਮੁੱਦਾ ਚੁੱਕੇ ਜਾਣ ਤੋਂ ਬਾਅਦ ਸਰਪੰਚਾਂ ਉੱਪਰ ਵੀ ਸਵਾਲ ਉੱਠੇ ਰਹੇ ਹਨ ਕਿ ਇਹੋ ਜਿਹੇ ਬਹੁਤੇ ਹੋਰ ਗੀਤ ਵੀ ਹਨ ਜਿਹੜੇ ਸਮਾਜਿਕ ਕਦਰਾਂ ਕੀਮਤਾਂ ਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹਨ ਉੱਥੇ ਸਰਪੰਚਾਂ ਨੇ ਚੁੱਪ ਕਿਉਂ ਵੱਟੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਗੁਲਾਬ ਸਿੱਧੂ ਦੇ ਪ੍ਰਸ਼ੰਸਕਾਂ ਵੱਲੋਂ ਸ਼ਰੇਆਮ ਸਰਪੰਚਾਂ ਨੂੰ ਸਵਾਲ ਕੀਤੇ ਜਾ ਰਹੇ ਹਨ ਕਿ ਕੀ ਸਰਪੰਚਾਂ ਨੂੰ ਸਰਪੰਚੀ ਦੇ ਰੁਤਬੇ ਦੀ ਹੀ ਤਕਲੀਫ ਹੈ ? ਕੁਝ ਹੋਰ ਗਾਇਕਾਂ ਵੱਲੋਂ ਸਮਾਜਿਕ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਦਾ ਖਿਲਵਾੜ ਕਰਨ ਵਾਲੇ ਗੀਤ ਗਾਉਣ ਵਾਲੇ ਗਾਇਕਾਂ ਤੇ ਗੀਤ ਲਿਖਣ ਵਾਲੇ ਗੀਤਕਾਰਾਂ ਸਬੰਧੀ ਸਰਪੰਚਾਂ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਮੁੱਦਾ ਕਿਉਂ ਨਹੀਂ ਚੁੱਕਿਆ ? ਬਹਰਰਾਲ ! ਇਹ ਮੁੱਦਾ “ਬੀਪ” ਨਾਲ ਖ਼ਤਮ ਹੁੰਦਾ ਜਾਪਦਾ ਹੈ, ਹੁਣ ਭਵਿੱਖ ‘ਚ ਚੁਣੇ ਹੋਏ ਸਰਪੰਚਾਂ ਨੂੰ ਗੁਲਾਬ ਸਿੱਧੂ ਦੀ ਇਤਰਾਜਯੋਗ ਸ਼ਬਦਾਂ ‘ਤੇ ਲੱਗੀ ‘ਬੀਪ’ ਦੀ tune ਪਸੰਦ ਆਵੇਗੀ ਅਤੇ ਸਰਪੰਚੀ ਹਾਰਨ ਵਾਲਿਆਂ ਨੂੰ “ਸਣੇ ਸਰਪੰਚ ਸਾਰਾ ਪਿੰਡ ਕੁੱਟਦੂੰ” ਸ਼ਬਦ ਪਸੰਦ ਆਉਣਗੇ।










