ਚੰਡੀਗੜ੍ਹ, 27 ਅਕਤੂਬਰ, Gee98 news service-
ਜੇਕਰ ਕੋਈ ਮੁਲਾਜ਼ਮ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲਈ ਦਿੱਤੀ ਅਰਜ਼ੀ ਵਾਪਸ ਲੈਣਾ ਚਾਹੁੰਦਾ ਹੋਵੇ ਤਾਂ ਵਿਭਾਗ ਉਸਨੂੰ ਮਨ੍ਹਾਂ ਨਹੀਂ ਕਰ ਸਕਦਾ ਅਤੇ ਕੋਈ ਵੀ ਮੁਲਾਜ਼ਮ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲਈ ਦਿੱਤੀ ਹੋਈ ਅਰਜ਼ੀ ਵਾਪਸ ਲੈ ਸਕਦਾ ਹੈ ਬਸ਼ਰਤੇ ਕਿ ਉਹ ਵਿਭਾਗ ਵੱਲੋਂ ਮਨਜ਼ੂਰ ਨਾ ਹੋਈ ਹੋਵੇ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਜਿਹੀ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਜਸਟਿਸ ਸੁਦੀਪਤੀ ਸ਼ਰਮਾ ਦੇ ਸਿੰਗਲ ਬੈਂਚ ਨੇ ਸਪੱਸ਼ਟ ਕੀਤਾ ਕਿ ਕਿਸੇ ਸਰਕਾਰੀ ਮੁਲਾਜ਼ਮ ਵੱਲੋਂ ਵਲੰਟੀਅਰ ਰਿਟਾਇਰਮੈਂਟ ਦੀ ਅਰਜ਼ੀ ਉਦੋਂ ਤੱਕ ਅਮਲ ‘ਚ ਨਹੀਂ ਆਉਂਦੀ, ਜਦੋਂ ਤੱਕ ਉਸ ਨੂੰ ਮਨਜ਼ੂਰ ਨਾ ਕੀਤਾ ਗਿਆ ਹੋਵੇ ਤੇ ਮੁਲਾਜ਼ਮ ਨੂੰ ਇਹ ਅਧਿਕਾਰ ਹੈ ਕਿ ਉਹ ਇਸ ਨੂੰ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ ਵਾਪਸ ਲੈ ਸਕੇ। ਹਾਈਕੋਰਟ ਨੇ ਆਪਣੇ ਫ਼ੈਸਲੇ ‘ਚ ਹਰਿਆਣਾ ਪੁਲਿਸ ਦੇ ਇਕ ਕਾਂਸਟੇਬਲ ਦੀ ਵਲੰਟੀਅਰ ਰਿਟਾਇਰਮੈਂਟ ਦੀ ਕਾਰਵਾਈ ਨੂੰ ਨਾਜਾਇਜ਼ ਠਹਿਰਾਉਂਦੇ ਹੋਏ ਉਸ ਨੂੰ ਸੇਵਾ ‘ਚ ਬਹਾਲ ਕਰਨ ਦਾ ਆਦੇਸ਼ ਦਿੱਤਾ। ਪਟੀਸ਼ਨ ਮੁਤਾਬਕ, ਨਾਰਨੌਲ ਵਾਸੀ ਪ੍ਰੀਤਪਾਲ ਸਾਲ 1989 ‘ਚ ਹਰਿਆਣਾ ਪੁਲਿਸ ਵਿਭਾਗ ‘ਚ ਕਾਂਸਟੇਬਲ ਨਿਯੁਕਤ ਹੋਏ ਸਨ। 9 ਸਤੰਬਰ 2013 ਨੂੰ ਉਨ੍ਹਾਂ ਨੇ ਵਲੰਟੀਅਰ ਰਿਟਾਇਰਮੈਂਟ ਲਈ ਅਪਲਾਈ ਕੀਤਾ ਪ੍ਰੰਤੂ 12 ਸਤੰਬਰ 2013 ਨੂੰ ਹੀ ਨਿੱਜੀ ਕਾਰਨਾਂ ਕਰ ਕੇ ਅਰਜ਼ੀ ਵਾਪਸ ਲੈਣ ਦੀ ਅਪੀਲ ਵੀ ਕਰ ਦਿੱਤੀ ਸੀ। ਸਬੰਧਿਤ SP ਨੇ ਉਸਦੀ ਇਹ ਵਾਪਸੀ ਅਰਜ਼ੀ 19 ਸਤੰਬਰ, 2013 ਨੂੰ IG ਨੂੰ ਭੇਜੀ। ਇਸ ਦੇ ਬਾਵਜੂਦ ਵਿਭਾਗ ਨੇ ਉਨ੍ਹਾਂ ਦੀ ਮੂਲ ਰਿਟਾਇਰਮੈਂਟ ਅਰਜ਼ੀ ਨੂੰ ਸਵੀਕਾਰ ਕਰਦੇ ਹੋਏ 30 ਸਤੰਬਰ 2013 ਨੂੰ ਉਨ੍ਹਾਂ ਨੂੰ ਰਿਟਾਇਰਮੈਂਟ ਐਲਾਨ ਦਿੱਤਾ, ਜਿਸ ਤੋਂ ਬਾਅਦ ਇਹ ਮਾਮਲਾ ਨਾਰਨੌਲ ਸਿਵਲ ਕੋਰਟ ਅਤੇ ਫੇਰ ਹਾਈਕੋਰਟ ਪੁੱਜਿਆ ਜਿੱਥੇ ਹਾਈਕੋਰਟ ਨੇ ਪ੍ਰੀਤਪਾਲ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਉਸਦੀ ਨੌਕਰੀ ਨੂੰ ਬਹਾਲ ਕਰਨ ਦੇ ਹੁਕਮ ਦਿੱਤੇ।










