ਬਰਨਾਲਾ ,29 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
–ਬਰਨਾਲਾ ਸ਼ਹਿਰ ਵਿੱਚ ਗ਼ੈਰ ਕਾਨੂੰਨੀ ਤੌਰ ‘ਤੇ ਚੱਲ ਰਹੇ ਕੁਝ ਹੋਟਲਾਂ ਦੇ ਮਾਲਕਾਂ ਤੇ ਸੰਚਾਲਕਾਂ ਵੱਲੋਂ ਪ੍ਰਸ਼ਾਸਨ ਦੇ ਨੋਟਿਸਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਇਹਨਾਂ ਹੋਟਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਟਲਾਂ ਨੂੰ ਪੱਕੇ ਤੌਰ ‘ਤੇ ਸੀਲ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਨਗਰ ਕੌਂਸਲ ਬਰਨਾਲਾ ਵੱਲੋਂ ਇਹਨਾਂ ਹੋਟਲਾਂ ਨੂੰ ਬਿਲਡਿੰਗ ਨਕਸ਼ੇ ਦੀ ਉਲੰਘਣਾ ਅਤੇ ਹੋਰ ਨਿਯਮਾਂ ਦੀ ਉਲੰਘਣਾ ਦੇ ਨੋਟਿਸ ਜਾਰੀ ਕੀਤੇ ਗਏ ਸਨ ਜਿਨਾਂ ਦਾ ਜਵਾਬ 25 ਸਤੰਬਰ 2025 ਤੱਕ ਦੇਣ ਦੀ ਹਦਾਇਤ ਦਿੱਤੀ ਗਈ ਸੀ ਪ੍ਰੰਤੂ ਮਿਥੀ ਡੇਟ ਤੋਂ ਇੱਕ ਮਹੀਨਾ ਉੱਪਰ ਲੰਘ ਜਾਣ ਦੇ ਬਾਵਜੂਦ ਵੀ ਇੱਕ ਦੋ ਹੋਟਲਾਂ ਨੂੰ ਛੱਡ ਕੇ ਸ਼ਹਿਰ ਦੇ ਕਿਸੇ ਵੀ ਹੋਟਲ ਨੇ ਪ੍ਰਸ਼ਾਸਨ ਦੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਸ਼ਾਸਨ ਨੇ ਇਹਨਾਂ ਹੋਟਲਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਨਿਯਮਾਂ ਦੀ ਉਲੰਘਣਾ ਕਰ ਰਹੇ ਇਹਨਾਂ ਹੋਟਲਾਂ ਦੀ ਅਚਾਨਕ ਚੈਕਿੰਗ ਕੀਤੀ ਜਾਵੇਗੀ ਅਤੇ ਨਿਯਮਾਂ ‘ਤੇ ਖਰੇ ਨਾ ਉਤਰਦੇ ਹੋਟਲਾਂ ਨੂੰ ਪੱਕੇ ਤੌਰ ‘ਤੇ ਸੀਲ ਕਰ ਦਿੱਤਾ ਜਾਵੇਗਾ।
-ਡਿਪਟੀ ਕਮਿਸ਼ਨਰ ਵੱਲੋਂ ਡਿਊਟੀ ਮੈਜਿਸਟ੍ਰੇਟ ਦੀ ਨਿਯੁਕਤੀ
ਨਿਯਮਾਂ ਦੀ ਉਲੰਘਣਾ ਕਰਕੇ ਚੱਲ ਰਹੇ ਹੋਟਲਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਸ੍ਰੀ ਰਾਜਪ੍ਰਿਤਪਾਲ ਸਿੰਘ ਨਾਇਬ ਤਹਿਸੀਲਦਾਰ ਧਨੌਲਾ ਨੂੰ ਡਿਊਟੀ ਮੈਜਿਸਟ੍ਰੇਟ ਵੀ ਨਿਯੁਕਤ ਕੀਤਾ ਗਿਆ ਜਿਸ ਦੀ ਸੂਚਨਾ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ ਨੂੰ ਵੀ ਦਿੱਤੀ ਗਈ ਹੈ। ਹੁਣ ਨਗਰ ਕੌਸਲ ਬਰਨਾਲਾ ਵੱਲੋਂ ਜ਼ਿਲਾ ਪੁਲਿਸ ਮੁਖੀ ਤੋਂ ਪੁਲਿਸ ਸਹਾਇਤਾ ਦੀ ਮੰਗ ਕੀਤੀ ਗਈ ਹੈ ਤਾਂ ਜੋ ਡਿਊਟੀ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਇਹਨਾਂ ਹੋਟਲਾਂ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।
-ਕਾਰਜ ਸਾਧਕ ਅਫਸਰ ਨੇ ਕੀਤੀ ਪੁਸ਼ਟੀ
ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਨਿਯਮਾਂ ਦੀ ਉਲੰਘਣਾ ਕਰ ਰਹੇ ਇਹਨਾਂ ਹੋਟਲਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਰਨ ਦੀ ਨਗਰ ਕੌਂਸਲ ਬਰਨਾਲਾ ਦੇ ਈਓ ਸ੍ਰੀ ਵਿਸ਼ਾਲਦੀਪ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਲਦੀ ਹੀ ਨਿਯਮਾਂ ਅਨੁਸਾਰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਸ਼ਹਿਰ ਦੇ ਇਹਨਾਂ ਹੋਟਲਾਂ ਦੀ ਚੈਕਿੰਗ ਕੀਤੀ ਜਾਵੇ ਕਿ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਟਲਾਂ ਨੂੰ ਮੌਕੇ ‘ਤੇ ਸੀਲ ਕਰ ਦਿੱਤਾ ਜਾਵੇਗਾ। ਈਓ ਨੇ ਦੱਸਿਆ ਕਿ ਇਹਨਾਂ ਹੋਟਲਾਂ ਵਾਲਿਆਂ ਨੂੰ ਬਕਾਇਦਾ ਨੋਟਿਸ ਕੱਢੇ ਗਏ ਸਨ ਜਿਨਾਂ ਦਾ ਜਵਾਬ ਬਹੁਤੇ ਹੋਟਲਾਂ ਨੇ ਦੇਣਾ ਵਾਜਬ ਨਹੀਂ ਸਮਝਿਆ ਜਿਸ ਤੋਂ ਬਾਅਦ ਇਹਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
-ਨਗਰ ਕੌਂਸਲ ਵੱਲੋਂ ਹੋਟਲਾਂ ਨੂੰ ਕੱਢੀ ਗਏ ਨੋਟਿਸ ਦੀ ਇਬਾਰਤ
ਵਿਸ਼ਾ- ਅਣਅਧਿਕਾਰਤ ਹੋਟਲ ਸੀਲ ਕਰਨ ਸਬੰਧੀ।
ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਆਪ ਵੱਲੋਂ ਬਰਨਾਲਾ ਸ਼ਹਿਰ ਅੰਦਰ ਇੱਕ ਹੋਟਲ ਚਲਾਇਆ ਜਾ ਰਿਹਾ ਹੈ ਜਦੋਂ ਕਿ ਇਸ ਸਬੰਧੀ ਕੋਈ ਵੀ ਹੋਟਲ ਦਾ ਨਕਸ਼ਾ/ਸੀਐਲਯੂ ਨਗਰ ਕੌਸਲ ਬਰਨਾਲਾ ਵੱਲੋਂ ਪ੍ਰਵਾਨ ਨਹੀਂ ਹੋਇਆ ਹੈ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਆਪ ਵੱਲੋਂ ਇਹ ਬਿਲਡਿੰਗ ਦੀ ਵਰਤੋਂ ਅਣ ਅਧਿਕਾਰਤ ਤੌਰ ‘ਤੇ ਹੋਟਲ ਵਜੋਂ ਕੀਤੀ ਜਾ ਰਹੀ ਹੈ। ਸੋ ਆਪ ਜੀ ਨੂੰ ਇਸ ਨੋਟਿਸ ਰਾਹੀਂ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਸਬੰਧੀ ਜੇਕਰ ਆਪ ਜੀ ਕੋਈ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਸਬੰਧੀ ਮਿਤੀ 25-9-25 ਤੱਕ ਆਪਣਾ ਪੱਖ ਨਿਮਨ ਹਸਤਾਖ਼ਰ ਪਾਸ ਪੇਸ਼ ਕੀਤਾ ਜਾਵੇ। ਜੇਕਰ ਨਿਸ਼ਚਿਤ ਸਮੇਂ ਦੇ ਅੰਦਰ ਆਪ ਵੱਲੋਂ ਆਪਣਾ ਕੋਈ ਪੱਖ ਪੇਸ਼ ਨਹੀਂ ਕੀਤਾ ਜਾਂਦਾ ਤਾਂ ਇਹ ਸਮਝ ਲਿਆ ਜਾਵੇਗਾ ਕਿ ਆਪ ਆਪਣੇ ਪੱਖ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੇ ਹੋ। ਸੋ ਆਪ ਜੀ ਦਾ ਜਵਾਬ ਵਾਜਬ ਨਾ ਹੋਣ ਦੀ ਸੂਰਤ ਵਿੱਚ ਜਾਂ ਨਿਸ਼ਚਿਤ ਸਮੇਂ ਅੰਦਰ ਆਪ ਜੀ ਦਾ ਪੱਖ ਪੇਸ਼ ਨਾ ਹੋਣ ਦੀ ਸੂਰਤ ਵਿੱਚ ਆਪ ਦੇ ਖ਼ਿਲਾਫ਼ ਪੰਜਾਬ ਮਿਉਂਸੀਪਲ ਐਕਟ 1911 ਅਤੇ ਪੰਜਾਬ ਮਿਉਂਸੀਪਲ ਬਾਇਲਾਜ 2018 ਤਹਿਤ ਕਾਰਵਾਈ ਕਰਦੇ ਹੋਏ ਆਪ ਦੀ ਬਿਲਡਿੰਗ ਸੀਲ ਕਰ ਦਿੱਤੀ ਜਾਵੇਗੀ। ਜਿਸ ਦੇ ਹਰਜੇ ਵਾ ਖਰਚੇ ਦੇ ਆਪ ਖ਼ੁਦ ਜ਼ਿੰਮੇਵਾਰ ਹੋਵੋਗੇ।










