ਬਰਨਾਲਾ,29 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਸ਼ਹਿਰ ਦਾ ਮਾਹੌਲ ਬੁੱਧਵਾਰ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਸ਼ਹਿਰ ਦੇ ਵਪਾਰੀਆਂ ਅਤੇ ਜੀਐਸਟੀ ਦੀ ਟੀਮ ਦੇ ਮੁਲਾਜ਼ਮਾਂ ਵਿਚਕਾਰ ਮਾਲ ਨਾਲ ਭਰੀ ਇੱਕ ਗੱਡੀ ਦੀ ਚੈਕਿੰਗ ਨੂੰ ਲੈ ਕੇ ਤਕਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੀਐਸਟੀ ਦੀ ਟੀਮ ਟਰਾਂਸਪੋਰਟ ਦੀ ਇੱਕ ਗੱਡੀ ਦਾ ਪਿੱਛਾ ਕਰਦੀ ਹੋਈ ਬਰਨਾਲਾ ਦੇ ਹੰਡਿਆਇਆ ਬਾਜ਼ਾਰ ਪੁੱਜੀ ਜਿੱਥੇ ਜੀਐਸਟੀ ਦੀ ਟੀਮ ਨੇ ਗੱਡੀ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ, ਇਸ ਦੌਰਾਨ ਮੌਕੇ ‘ਤੇ ਸ਼ਹਿਰ ਦੇ ਵਪਾਰੀ ਇਕੱਠੇ ਹੋ ਗਏ ਅਤੇ ਵਪਾਰੀਆਂ ਦੇ ਵੱਟਸਐਪ ਗਰੁੱਪ ਵਿੱਚ ਜਾਣਕਾਰੀ ਵਾਇਰਲ ਹੋਣ ਤੋਂ ਬਾਅਦ ਵਪਾਰ ਮੰਡਲ ਦੇ ਆਗੂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਵੀ ਮੌਕੇ ‘ਤੇ ਪੁੱਜ ਗਏ ਜਿਸ ਤੋਂ ਬਾਅਦ ਵਪਾਰ ਮੰਡਲ ਦੇ ਆਗੂਆਂ ਤੇ ਜੀਐਸਟੀ ਟੀਮ ਦੇ ਮੁਲਾਜ਼ਮਾਂ ਵਿਚਕਾਰ ਕੁਝ ਤਕਰਾਰ ਹੋਣ ਦੀ ਜਾਣਕਾਰੀ ਵੀ ਹੈ। ਜੀਐਸਟੀ ਟੀਮ ਦੇ ਮੁਲਾਜ਼ਮਾਂ ਨੇ ਕੁਝ ਵਪਾਰੀਆਂ ਦੇ ਖ਼ਿਲਾਫ਼ ਸਰਕਾਰੀ ਕੰਮ ‘ਚ ਵਿਘਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਵਪਾਰੀਆਂ ਨੇ ਵੀ ਥਾਣੇ ਅੱਗੇ ਧਰਨਾ ਲਗਾ ਦਿੱਤਾ। ਮਾਮਲਾ ਵੱਧਦਾ ਦੇਖ ਕੇ ਵਪਾਰ ਮੰਡਲ ਨੇ ਸਦਰ ਬਾਜ਼ਾਰ ਸਮੇਤ ਬਾਜ਼ਾਰ ਦੀਆਂ ਦੁਕਾਨਾਂ ਬੰਦ ਕਰਨ ਦਾ ਸੱਦਾ ਦੇ ਦਿੱਤਾ ਜਿਸ ਤੋਂ ਬਾਅਦ ਵੱਡੀ ਗਿਣਤੀ ਕਾਰੋਬਾਰੀ ਤੇ ਵਪਾਰੀ ਥਾਣੇ ਅੱਗੇ ਲੱਗੇ ਧਰਨੇ ਵਿੱਚ ਪੁੱਜਣੇ ਸ਼ੁਰੂ ਹੋ ਗਏ।
ਇਸ ਦੌਰਾਨ ਇਹ ਥਾਣਾ ਸਿਟੀ-1 ਦੇ ਐਸਐਚਓ ਲਖਵਿੰਦਰ ਸਿੰਘ ਨੇ ਆਪਣੀ ਸੂਝ ਬੂਝ ਸਦਕਾ ਆਪਣੇ ਦਫ਼ਤਰ ਦੋਵਾਂ ਧਿਰਾਂ ਨੂੰ ਬੁਲਾ ਕੇ ਆਹਮੋ ਸਾਹਮਣੇ ਬਿਠਾਇਆ ਅਤੇ ਇਹ ਮਾਮਲਾ ਹੋਰ ਅੱਗੇ ਵਧਣ ਤੋਂ ਰੋਕ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੀਐਸਟੀ ਟੀਮ ਦੇ ਮੁਲਾਜ਼ਮਾਂ ਵੱਲੋਂ ਆਪਣੇ ਉਚ ਅਧਿਕਾਰੀਆਂ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਜੀਐਸਟੀ ਮੋਬਾਈਲ ਵਿੰਗ ਦੇ ਅਸਿਸਟੈਂਟ ਕਮਿਸ਼ਨਰ ਸ੍ਰੀ ਪਵਨ ਜੀ ਵੀ ਮੌਕੇ ‘ਤੇ ਪੁੱਜੇ ਜਿਨਾਂ ਦੀ ਅਗਵਾਈ ਹੇਠ ਐਸਐਚਓ ਲਖਵਿੰਦਰ ਸਿੰਘ ਦੀ ਹਾਜ਼ਰੀ ‘ਚ ਵਪਾਰ ਮੰਡਲ ਦੇ ਆਗੂਆਂ ਨਾਲ ਇਸ ਗੱਲ ‘ਤੇ ਸਹਿਮਤੀ ਬਣੀ ਕਿ ਅੱਗੇ ਤੋਂ ਜੀਐਸਟੀ ਟੀਮ ਬਿਨਾਂ ਵਜ੍ਹਾ ਵਪਾਰੀਆਂ ਕਾਰੋਬਾਰੀਆਂ ਨੂੰ ਤੰਗ ਨਹੀਂ ਕਰੇਗੀ ਅਤੇ ਵਪਾਰੀ ਵੀ ਆਪਣੇ ਸਮਾਨ ਨਾਲ ਸਬੰਧਿਤ ਸਾਰੇ ਲੋੜੀਦੇ ਦਸਤਾਵੇਜ਼ ਪੂਰੇ ਰੱਖਣਗੇ ਅਤੇ ਲੋੜ ਪੈਣ ‘ਤੇ ਚੈਕਿੰਗ ਟੀਮ ਨੂੰ ਮੁਹੱਈਆ ਕਰਵਾਉਣਗੇ। ਇਸ ਸਬੰਧੀ ਗੱਲਬਾਤ ਕਰਦੇ ਹੋਏ ਜੀਐਸਟੀ ਮੋਬਾਈਲ ਵਿੰਗ ਦੇ ਅਸਿਸਟੈਂਟ ਕਮਿਸ਼ਨਰ ਸ੍ਰੀ ਪਵਨ ਨੇ ਕਿਹਾ ਕਿ ਜੀਐਸਟੀ ਟੀਮ ਰੂਟੀਨ ਦੀ ਚੈਕਿੰਗ ‘ਤੇ ਸੀ ਜਿਸ ਤਰ੍ਹਾਂ ਉਕਤ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੌਰਾਨ ਮੌਕੇ ‘ਤੇ ਪੁੱਜੇ ਕੁਝ ਕਾਰੋਬਾਰੀਆਂ ਵਪਾਰੀ ਆਗੂਆਂ ਦੇ ਨਾਲ ਟੀਮ ਦੇ ਮੁਲਾਜ਼ਮਾਂ ਦਾ ਤਕਰਾਰ ਹੋਇਆ। ਉਹਨਾਂ ਕਿਹਾ ਕਿ ਇਹ ਸਾਰੀ ਘਟਨਾ ਗ਼ਲਤਫਹਿਮੀ ਦੌਰਾਨ ਹੀ ਵਾਪਰ ਗਈ ਜਦਕਿ ਮੁਲਾਜ਼ਮ ਆਪਣੀ ਬਕਾਇਦਾ ਡਿਊਟੀ ‘ਤੇ ਸਨ ਅਤੇ ਕਿਸੇ ਨਾਲ ਕੋਈ ਧੱਕੇਸ਼ਾਹੀ ਵੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਫਿਰ ਵੀ ਮੌਕੇ ਦੀ ਨਜ਼ਾਕਤ ਅਨੁਸਾਰ ਇਹ ਮਾਮਲਾ ਚੰਗੇ ਹਾਲਾਤਾਂ ਵਿੱਚ ਨਿਪਟਾ ਲਿਆ ਗਿਆ ਹੈ ਅਤੇ ਵਪਾਰੀ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਸਮਾਨ ਸੰਬੰਧਿਤ ਸਾਰੇ ਦਸਤਾਵੇਜ਼ ਪੂਰੇ ਰੱਖੇ ਜਾਣ।











