ਚੰਡੀਗੜ੍ਹ ,30 ਅਕਤੂਬਰ , Gee98 news service-
-ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਵਾਲੀਆਂ ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀ ਕਰਨ ਵਾਲੀ ਕੰਗਨਾ ਰਣੌਤ ਮੈਂਬਰ ਪਾਰਲੀਮੈਂਟ ਨੇ ਭਾਵੇਂ ਬਠਿੰਡਾ ਅਦਾਲਤ ਵਿੱਚ ਮਾਫ਼ੀ ਮੰਗ ਲਈ ਹੈ ਪ੍ਰੰਤੂ ਉਸ ਨੂੰ ਬਠਿੰਡਾ ਅਦਾਲਤ ਤੱਕ ਲੈ ਕੇ ਆਉਣ ਵਾਲੀ ਮਾਤਾ ਮਹਿੰਦਰ ਕੌਰ ਨੇ ਉਸਦੀ ਮਾਫ਼ੀ ਖਾਰਜ ਕਰ ਦਿੱਤੀ ਹੈ। ਮਾਤਾ ਮਹਿੰਦਰ ਕੌਰ ਨੂੰ ਜਦ ਪੱਤਰਕਾਰਾਂ ਨੇ ਕੰਗਣਾ ਰਣੌਤ ਦੀ ਮਾਫ਼ੀ ਸਬੰਧੀ ਪੁੱਛਿਆ ਤਾਂ ਉਸਨੇ ਕਿਹਾ ਕਿ “ਮਾਫ਼ੀ ਦਾ ਸਮਾਂ ਚਾਰ ਸਾਲ ਪਹਿਲਾਂ ਸੀ, ਹੁਣ ਲੰਘ ਚੁੱਕਾ ਹੈ”। ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਹੁਣ ਕੰਗਣਾ ਰਣੌਤ ਦਾ ਹੰਕਾਰ ਟੁੱਟਿਆ ਹੈ। ਉਹਨਾਂ ਕਿਹਾ ਕਿ ਕੰਗਣਾ ਰਨੌਤ ਆਰਾਮ ਨਾਲ ਗੱਡੀਆਂ ਵਿੱਚ ਆਉਂਦੀ ਹੈ ਪ੍ਰੰਤੂ ਉਸਨੂੰ ਚੰਡੀਗੜ੍ਹ, ਦਿੱਲੀ ਤੱਕ ਬੱਸਾਂ ਵਿੱਚ ਧੱਕੇ ਖਾਣੇ ਪਏ। ਐਮਪੀ ਕੰਗਨਾ ਦੀ ਮਾਫ਼ੀ ਸਬੰਧੀ ਮਾਤਾ ਮਹਿੰਦਰ ਨੂੰ ਕੌਰ ਨੇ ਕਿਹਾ ਕਿ “ਮੈਂ ਕੰਗਨਾ ਦੀ ਮਾਫ਼ੀ ਨੂੰ ਖਾਰਜ ਕਰਦੀ ਹਾਂ, ਮਾਫ਼ੀ ਮੰਗਣ ਦਾ ਸਮਾਂ ਚਾਰ ਸਾਲ ਪਹਿਲਾਂ ਸੀ ਹੁਣ ਨਿਕਲ ਚੁੱਕਿਆ ਹੈ। ਜੇਕਰ ਮਾਫ਼ੀ ਮੰਗਣੀ ਸੀ ਤਾਂ ਉਦੋਂ ਮੰਗਣੀ ਚਾਹੀਦੀ ਸੀ ਹੁਣ ਤਾਂ ਮੈਂ ਕੇਸ ਲੜਾਂਗੀ”। ਦੱਸ ਦੇਈਏ ਕਿ ਕੰਗਣਾ ਰਣੌਤ ਨੇ ਇਸ ਮਾਮਲੇ ‘ਚ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਪ੍ਰੰਤੂ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਆਖਰ ਉਸ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣਾ ਹੀ ਪਿਆ ਹੈ।










