ਚੰਡੀਗੜ੍ਹ ,30 ਅਕਤੂਬਰ, Gee98 news service-
–ਸੀਬੀਆਈ ਵੱਲੋਂ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਮੁਅੱਤਲ ਚੱਲ ਰਹੇ ਆਈਪੀਐਸ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸੀਬੀਆਈ ਨੇ ਭੁੱਲਰ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਦਰਜ ਕਰ ਲਿਆ ਹੈ। ਹਰਚਰਨ ਸਿੰਘ ਭੁੱਲਰ ਦੇ ਖ਼ਿਲਾਫ਼ ਸੀਬੀਆਈ ਵੱਲੋਂ ਤੇਜ਼ੀ ਨਾਲ ਕੀਤੀ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਦੇ ਹੋਰ ਆਈਪੀਐਸ ਅਤੇ ਹੇਠਲੇ ਅਧਿਕਾਰੀਆਂ ਦੀ ਨੀਂਦ ਵੀ ਉਡੀ ਹੋਈ ਹੈ। ਆਉਣ ਵਾਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਪੰਜਾਬ ਪੁਲਿਸ ਦੇ ਇਹਨਾਂ ਵੱਡੇ ਅਧਿਕਾਰੀਆਂ ਅਤੇ ਕੁਝ ਵੱਡੇ ਆਗੂਆਂ ਦੇ ਗ੍ਰਹਿ ਚੱਕਰ ਪੁੱਠੇ ਘੁੰਮ ਸਕਦੇ ਹਨ ਕਿਉਂਕਿ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਦੇ ਵਿਚੋਲੇ ਕ੍ਰਿਸ਼ਨੂੰ ਨੂੰ 9 ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ 31 ਅਕਤੂਬਰ ਨੂੰ ਭੁੱਲਰ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਸੀਬੀਆਈ ਭੁੱਲਰ ਦਾ ਵੀ ਰਿਮਾਂਡ ਮੰਗੇਗੀ।
ਭੁੱਲਰ ਦੇ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਪ੍ਰਕਿਰਿਆ ਵੀ ਧਿਆਨ ਮੰਗਦੀ ਹੈ ਕਿ ਭੁੱਲਰ ਦੀ 31 ਅਕਤੂਬਰ ਨੂੰ ਪੇਸ਼ੀ ਤੋਂ ਪਹਿਲਾਂ ਸੀਬੀਆਈ ਨੇ ਕ੍ਰਿਸ਼ਨੂੰ ਨੂੰ ਰਿਮਾਂਡ ‘ਤੇ ਲਿਆ ਅਤੇ ਕ੍ਰਿਸ਼ਨ ਦੇ ਰਿਮਾਂਡ ਦੌਰਾਨ ਸੀਬੀਆਈ ਸਾਰੇ ਤੱਥ ਇਕੱਠੇ ਕਰਕੇ ਭੁੱਲਰ ਦਾ ਰਿਮਾਂਡ ਲੈ ਕੇ ਭੁੱਲਰ ਤੋਂ ਪੁੱਛਗਿੱਛ ਸਮੇਂ ਕ੍ਰਿਸ਼ਨੂੰ ਤੋਂ ਇਕੱਠੇ ਕੀਤੇ ਤੱਥ ਭੁੱਲਰ ਦੇ ਸਾਹਮਣੇ ਰੱਖੇਗੀ ਤਾਂ ਜੋ ਭੁੱਲਰ ਕੋਲ ਸੀਬੀਆਈ ਦੇ ਸਾਹਮਣੇ ਮੰਨਣ ਤੋਂ ਇਲਾਵਾ ਹੋਰ ਕੋਈ ਰਸਤਾ ਹੀ ਬਾਕੀ ਨਹੀਂ ਰਹਿ ਜਾਵੇਗਾ। ਸੀਬੀਆਈ ਦੀ ਕਾਰਜ ਪ੍ਰਣਾਲੀ ਸਬੰਧੀ ਇਹ ਅਹਿਮ ਤੱਥ ਸਾਰੇ ਜਾਣ ਚੁੱਕੇ ਹਨ ਕਿ ਸੀਬੀਆਈ ਕਿਸੇ ਵੀ ਮੁਲਜ਼ਮ ਤੋਂ ਪੁੱਛਗਿੱਛ ਕਰਨ ਮੌਕੇ ਮਹੱਤਵਪੂਰਨ ਤੱਥ ਮੁਲਜ਼ਮ ਦੇ ਸਾਹਮਣੇ ਰੱਖਦੀ ਹੈ। ਭੁੱਲਰ ਦੇ ਮਾਮਲੇ ‘ਚ ਸੀਬੀਆਈ ਵੱਲੋਂ ਹੁਣ ਤੱਕ ਦੀ ਜਾਂਚ ਵਿੱਚ ਉਸ ਦੀ ਆਮਦਨ ਸਬੰਧੀ ਹੈਰਾਨੀਜਨਕ ਖੁਲਾਸੇ ਹੋਏ ਹਨ ਜਿਸ ਤਹਿਤ ਅਗਸਤ ਅਤੇ ਸਤੰਬਰ 2025 ਵਿੱਚ ਭੁੱਲਰ ਦੀ ਮਾਸਿਕ ਤਨਖਾਹ ਲਗਭਗ ₹474,000 ਸੀ। ਸਾਲ 2024-25 ਲਈ ਉਸਦੀ ਐਲਾਨੀਆ ਕੁੱਲ ਆਮਦਨ ਲਗਪਗ ₹45.95 ਲੱਖ ਸੀ, ਜੋ ਕਿ ਟੈਕਸਾਂ ਤੋਂ ਬਾਅਦ ਲਗਪਗ ₹32 ਲੱਖ ਦੀ ਸ਼ੁੱਧ ਆਮਦਨ ਬਣਦੀ ਹੈ। ਸੀਬੀਆਈ ਨੇ ਉਸਦੇ ਘਰ ‘ਤੇ ਛਾਪੇਮਾਰੀ ਦੌਰਾਨ ₹7.36 ਕਰੋੜ ਤੋਂ ਵੱਧ ਨਕਦੀ ਬਰਾਮਦ ਕੀਤੀ। ਇਹ ਰਕਮ ਉਸਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਨਾਲ ਮੇਲ ਨਹੀਂ ਖਾਂਦੀ ਅਤੇ ਇਹ ਅਸਮਾਨ ਤੋਂ ਵੱਧ ਜਾਇਦਾਦ ਦਾ ਸਪੱਸ਼ਟ ਮਾਮਲਾ ਹੈ। ਸੀਬੀਆਈ ਵਲੋ ਹੁਣ ਤੱਕ ਭੁੱਲਰ ਦੀ ਜਾਇਦਾਦ ਸਬੰਧੀ ਜੋ ਪੜਤਾਲ ਕੀਤੀ ਗਈ ਹੈ ਉਹਨਾਂ ਵਿੱਚ ਭੁੱਲਰ ਦੇ ਨਾਮ ਤੋਂ ਇਲਾਵਾ ਇਹ ਜਾਇਦਾਦਾਂ ਉਹਨਾਂ ਦੀ ਪਤਨੀ ਤੇਜਿੰਦਰ ਕੌਰ, ਪੁੱਤਰ ਗੁਰਪ੍ਰਤਾਪ ਸਿੰਘ ਅਤੇ ਧੀ ਤੇਜਕਿਰਨ ਕੌਰ ਦੇ ਨਾਮ ‘ਤੇ ਹਨ। ਇਸ ਮਾਮਲੇ ਚ ਸਭ ਤੋਂ ਅਹਿਮ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸੀਬੀਆਈ ਨੇ ਕਿਹਾ ਕਿ ਭੁੱਲਰ ਨੇ ਆਪਣੇ ਆਪ ਨੂੰ ਵਿੱਤੀ ਤੌਰ ‘ਤੇ ਗਲਤ ਢੰਗ ਨਾਲ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ। ਭੁੱਲਰ ਦੇ ਆ ਮੁਸ਼ਕਿਲਾਂ ਇਸ ਕਰਕੇ ਵੀ ਹੋਰ ਵਧਣਗੀਆਂ ਕਿਉਂਕਿ ਜਾਂਚ ਏਜੰਸੀ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1)(ਬੀ) ਅਤੇ 13(2) ਦੇ ਤਹਿਤ ਮਾਮਲੇ ਦੀ ਹੋਰ ਜਾਂਚ ਆਪਣੇ ਦਿੱਲੀ ਹੈੱਡਕੁਆਰਟਰ ਨੂੰ ਕਰਨ ਦੀ ਸਿਫਾਰਸ਼ ਕੀਤੀ ਹੈ। ਇਹ ਸਮਝਿਆ ਜਾਂਦਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੀ ਜਲਦੀ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਸਕਦਾ ਹੈ।











