ਮਹਿਲ ਕਲਾਂ,30 ਅਕਤੂਬਰ, (ਜਸਵੰਤ ਸਿੰਘ ਲਾਲੀ)-
-ਪੰਜਾਬ ਰਾਜ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਸਲਾਨਾ ਜਾਗਰੂਕਤਾ ਸਪਤਾਹ ਤਹਿਤ ਮਹਿਲ ਕਲਾਂ ਵਿਖੇ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਰਦਾਰ ਹਰਮਿੰਦਰ ਸਿੰਘ ਡੀਐਸਪੀ (ਵਿਜੀਲੈਂਸ) ਸੰਗਰੂਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਪੰਜਾਬ ਰਾਜ ਵਿਜੀਲੈਂਸ ਯੂਨਿਟ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਮਹਿਲ ਕਲਾਂ ਦੀਆਂ ਦੋਵੇਂ ਪੰਚਾਇਤਾਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਡੀਐਸਪੀ ਹਰਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਲੋਕ ਵਿਜੀਲੈਂਸ ਦਾ ਸਹਿਯੋਗ ਕਰਨ ਤਾਂ ਜੋ ਪੰਜਾਬ ਨੂੰ ਘੁਣ ਵਾਂਗ ਖਾ ਰਹੀ ਇਸ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕੇ। ਉਹਨਾਂ ਲੋਕਾਂ ਨੂੰ ਵਿਸ਼ਵਾਸ ਦਿੱਤਾ ਕਿ ਲੋਕਾਂ ਵੱਲੋਂ ਕਿਸੇ ਵੀ ਭ੍ਰਿਸ਼ਟ ਅਫਸਰ/ਮੁਲਾਜ਼ਮ ਜਾਂ ਘਪਲੇ ਸਬੰਧੀ ਦਿੱਤੀ ਸੂਚਨਾ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਮਹਿਲ ਕਲਾਂ ਦੇ ਸਰਕਾਰੀ ਦਫ਼ਤਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਭ੍ਰਿਸ਼ਟਾਚਾਰ ਸਬੰਧੀ ਉਹਨਾਂ ਨੂੰ ਕੁਝ ਜਾਣਕਾਰੀ ਮਿਲੀ ਹੈ ਜਿਸ ਦੇ ਆਧਾਰ ‘ਤੇ ਜਲਦੀ ਹੀ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇਗਾ।
ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਮੁਕਤ ਸਾਫ਼ ਸੁਥਰਾ ਪ੍ਰਸ਼ਾਸਨ ਤਾਂ ਚਾਹੁੰਦੇ ਹਨ ਪ੍ਰੰਤੂ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਤੋਂ ਵੀ ਭੱਜ ਰਹੇ ਹਨ ਕਿਉਂਕਿ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਭ੍ਰਿਸ਼ਟਾਚਾਰ ਹੋ ਰਿਹਾ, ਘਪਲੇ ਹੋ ਰਹੇ ਹਨ ਪ੍ਰੰਤੂ ਲੋਕ ਇਸ ਸਬੰਧੀ ਜਾਣਕਾਰੀ ਦੇਣ ਤੋਂ ਕੰਨੀਂ ਕਤਰਾ ਰਹੇ ਹਨ। ਇੰਸਪੈਕਟਰ ਗੁਰਮੇਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ‘ਤੇ ਯਕੀਨ ਕੀਤਾ ਜਾਵੇ ਅਤੇ ਉਨਾਂ ਨੂੰ ਕਿਤੇ ਵੀ ਹੋ ਰਹੇ ਭ੍ਰਿਸ਼ਟਾਚਾਰ ਜਾਂ ਘਪਲੇ ਸਬੰਧੀ ਸੂਚਨਾ ਦਿੱਤੀ ਜਾਵੇ ਤਾਂ ਉਹ ਮਹਿਲ ਕਲਾਂ ਦੇ ਲੋਕਾਂ ਨੂੰ ਪੁਖ਼ਤਾ ਨਤੀਜੇ ਦੇਣਗੇ। ਇਸ ਮੌਕੇ ਆਪਣੇ ਵਿਚਾਰ ਰੱਖਦੇ ਹੋਏ ਬੁਲਾਰਿਆਂ ਵਿੱਚੋਂ ਐਡਵੋਕੇਟ ਅਭਿਸ਼ੇਕ ਸਿੰਗਲਾ ਬਰਨਾਲਾ, ਸੰਨੀ ਧੌਲਾ,ਮੰਗਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਅਣਖੀ, ਬਾਬਾ ਜਗਸੀਰ ਸਿੰਘ ਖਾਲਸਾ, ਬਾਬਾ ਸ਼ੇਰ ਸਿੰਘ ਖਾਲਸਾ, ਨਿਰਮਲ ਸਿੰਘ ਪੰਡੋਰੀ,ਪ੍ਰਧਾਨ ਬੇਅੰਤ ਸਿੰਘ ਮਹਿਲ ਕਲਾਂ, ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਅਤੇ ਅਰੁਣ ਬਾਂਸਲ ਅੱਪੂ, ਅਸ਼ੋਕ ਅਗਰਵਾਲ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ਼ ਮੈਦਾਨ ਵਿੱਚ ਨਿਤਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬ ਰਾਜ ਵਿਜੀਲੈਂਸ ਬਿਊਰੋ ਦੀ ਮੁਹਿੰਮ ਦਾ ਹਿੱਸਾ ਬਣਿਆ ਜਾਵੇ। ਇਸ ਮੌਕੇ ਸਰਪੰਚ ਸਰਬਜੀਤ ਸਿੰਘ ਮਹਿਲ ਕਲਾਂ ਸੋਢੇ ਅਤੇ ਸਰਪੰਚ ਬੀਬੀ ਕਿਰਨਾ ਰਾਣੀ ਮਹਿਲ ਕਲਾਂ ਸਮੇਤ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਰਾਜਾ ਰਾਮ ਹੰਡਿਆਇਆ ਨੇ ਬਾਖੂਬੀ ਨਿਭਾਈ।

ਫੋਟੋ ਕੈਪਸ਼ਨ-ਸਮਾਗਮ ਦੌਰਾਨ ਵਿਜੀਲੈਂਸ ਦੇ ਡੀਐਸਪੀ ਹਰਮਿੰਦਰ ਸਿੰਘ ਅਤੇ ਇੰਸਪੈਕਟਰ ਗੁਰਮੇਲ ਸਿੰਘ ਦਾ ਸਨਮਾਨ ਕੀਤੇ ਜਾਣ ਦੀ ਤਸਵੀਰ।









