ਚੰਡੀਗੜ੍ਹ ,1 ਨਵੰਬਰ , Gee98 news service-
-ਪੰਜਾਬ ਪੁਲਿਸ ਵੱਲੋਂ ਇਕ 60 ਸਾਲ ਦੇ ਬਜ਼ੁਰਗ ਨੂੰ ਬਲਾਤਕਾਰ ਦੇ ਪੁਰਾਣੇ ਮਾਮਲੇ ਵਿੱਚ ਇਹ ਗ੍ਰਿਫ਼ਤਾਰ ਕਰਨ ਤੋਂ ਬਾਅਦ ਲੋਕਾਂ ਨੇ ਬਜ਼ੁਰਗ ਦੇ ਹੱਕ ਵਿੱਚ ਧਰਨਾ ਦੇ ਕੇ ਇਸ ਮਾਮਲੇ ਦੀ ਉੱਚ ਪੱਧਰੀ ਪੜ੍ਹਤਾਲ ਦੀ ਮੰਗ ਕੀਤੀ ਹੈ। ਇਹ ਮਾਮਲਾ ਜਲੰਧਰ ਨਾਲ ਸਬੰਧਿਤ ਹੈ ਜਿੱਥੇ ਜਲੰਧਰ ਦਿਹਾਤੀ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ ਬਜ਼ੁਰਗ ਪ੍ਰੇਮ ਕੁਮਾਰ ਦੇ ਪੁੱਤਰ ਰੋਹਿਤ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਇੱਕ ਕਿਡਨੀ ਪੂਰੀ ਤਰ੍ਹਾਂ ਖਰਾਬ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਪਿਛਲੇ 10 ਮਹੀਨੇ ਦੋ ਮੰਜੇ ‘ਤੇ ਹੀ ਪਏ ਹਨ, ਪ੍ਰੰਤੂ ਤਿੰਨ ਦਿਨ ਪਹਿਲਾਂ ਜਲੰਧਰ ਦਿਹਾਤੀ ਪੁਲਿਸ ਨੇ ਉਹਨਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਹੀ ਘਰੋਂ ਚੁੱਕ ਲਿਆ ਤੇ ਜੇਲ੍ਹ ਬੰਦ ਕਰ ਦਿੱਤਾ।
ਰੋਹਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਨੂੰ ਗੈਂਗਰੇਪ ਦੇ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਸ ਗੱਡੀ ਵਿੱਚ ਪੀੜ੍ਹਤ ਕੁੜੀ ਨਾਲ ਗੈਂਗ ਰੇਪ ਹੋਇਆ ਉਸ ਨੂੰ ਉਹਨਾਂ ਦੇ ਪਿਤਾ ਪ੍ਰੇਮ ਕੁਮਾਰ ਚਲਾ ਰਿਹਾ ਸੀ। ਪੁਲਿਸ ਦੇ ਇਸ ਦਾਅਵੇ ‘ਤੇ ਟਿੱਪਣੀ ਕਰਦੇ ਹੋਏ ਪ੍ਰੇਮ ਕੁਮਾਰ ਦੇ ਪੁੱਤਰ ਰੋਹਿਤ ਕੁਮਾਰ ਨੇ ਕਿਹਾ ਕਿ ਉਹਨਾਂ ਦੇ ਪਿਤਾ ਗੱਡੀ ਚਲਾ ਹੀ ਨਹੀਂ ਸਕਦੇ, ਸਾਰਾ ਪਿੰਡ ਜਾਣਦਾ ਹੈ ਕਿ ਉਹਨਾਂ ਦੇ ਪਿਤਾ ਸਿਰਫ਼ ਸਾਈਕਲ ਹੀ ਚਲਾਉਂਦੇ ਹਨ ਤੇ ਉਹਨਾਂ ਨੇ ਸਾਈਕਲ ‘ਤੇ ਹੀ ਸਾਰੀ ਉਮਰ ਦਿਹਾੜੀ ਕੀਤੀ ਹੈ ਅਤੇ ਉਹ ਸਕੂਟਰੀ ਤੱਕ ਵੀ ਨਹੀਂ ਚਲਾ ਸਕਦੇ ਪ੍ਰੰਤੂ ਪੁਲਿਸ ਨੇ ਉਹਨਾਂ ‘ਤੇ ਦੋਸ਼ ਲਗਾ ਦਿੱਤਾ ਕਿ ਜਿਸ ਗੱਡੀ ਵਿੱਚ ਗੈਂਗਰੇਪ ਹੋਇਆ ਉਹ ਗੱਡੀ ਪ੍ਰੇਮ ਕੁਮਾਰ ਚਲਾ ਰਿਹਾ ਸੀ। ਧਰਨੇ ਦੌਰਾਨ ਬੁਲਾਰਿਆਂ ਨੇ ਪੁਲਿਸ ‘ਤੇ ਸ਼ਰੇਆਮ ਧੱਕੇ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਬਿਮਾਰੀ ਦੀ ਹਾਲਤ ਵਿੱਚ ਮੰਜੇ ‘ਤੇ ਪਏ ਇੱਕ 60 ਸਾਲ ਦੇ ਬਜ਼ੁਰਗ ਨੂੰ ਪੁਲਿਸ ਚਾਦਰ ਸਮੇਤ ਚੁੱਕ ਕੇ ਲੈ ਗਈ। ਧਰਨੇ ‘ਤੇ ਬੈਠੇ ਲੋਕਾਂ ਨੇ ਬਿਮਾਰ ਬਜ਼ੁਰਗ ਪ੍ਰੇਮ ਕੁਮਾਰ ਨੂੰ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਐਸਐਚਓ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।

- ਦੂਜੇ ਪਾਸੇ ਡੀਐਸਪੀ ਰਜੀਵ ਕੁਮਾਰ ਨੇ ਕਿ ਦੱਸਿਆ ਕਿ ਇਹ ਇੱਕ ਪੁਰਾਣਾ ਮਾਮਲਾ ਹੈ ਜਿਸ ਵਿੱਚ ਪ੍ਰੇਮ ਕੁਮਾਰ ਨੂੰ ਵੀ ਨਾਮਜਦ ਕੀਤਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਐਸਐਚਓ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਐਸਐਚਓ ਨੇ ਪ੍ਰੇਮ ਕੁਮਾਰ ‘ਤੇ ਗ਼ਲਤ ਪਰਚਾ ਦਰਜ ਕੀਤਾ ਹੈ ਤਾਂ ਐਸਐਚਓ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ-ਧਰਨੇ ਦੀ ਤਸਵੀਰ










