ਚੰਡੀਗੜ੍ਹ ,1 ਨਵੰਬਰ , Gee98 news service-
-ਸੀਬੀਆਈ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਸਦੇ ਵਿਚੋਲੇ ਕ੍ਰਿਸ਼ਨਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਦਾ ਪੰਜ ਦਿਨ ਦਾ ਰਿਮਾਂਡ ਲਿਆ ਹੈ ਅਤੇ ਉਸਦਾ ਵਿਚੋਲਾ ਕ੍ਰਿਸ਼ਨਨੂੰ ਪਹਿਲਾਂ ਹੀ ਸੀਬੀਆਈ ਕੋਲ ਰਿਮਾਂਡ ‘ਤੇ ਹੈ। ਸ਼ਨੀਵਾਰ ਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ ਭੁੱਲਰ ਦੇ ਵਿਚੋਲੇ ਤੋਂ ਰਿਮਾਂਡ ਦੌਰਾਨ ਜੋ ਖੁਲਾਸੇ ਹੋਏ ਹਨ ਉਹਨਾਂ ਦੀ ਪੁਸ਼ਟੀ ਲਈ ਭੁੱਲਰ ਦਾ ਰਿਮਾਂਡ ਵੀ ਜ਼ਰੂਰੀ ਹੈ। ਭਾਵੇਂ ਕਿ ਹਰਚਰਨ ਸਿੰਘ ਭੁੱਲਰ ਦੇ ਵਕੀਲਾਂ ਨੇ ਰਿਮਾਂਡ ਦਾ ਵਿਰੋਧ ਕੀਤਾ ਪ੍ਰੰਤੂ ਅਦਾਲਤ ਨੇ ਸੀਬੀਆਈ ਨੂੰ ਭੁੱਲਰ ਦਾ ਪੰਜ ਦਿਨ ਦਾ ਰਿਮਾਂਡ ਦੇ ਦਿੱਤਾ। ਸੀਬੀਆਈ ਨੇ ਅਦਾਲਤ ਵਿੱਚ ਭੁੱਲਰ ਦੀ ਮੋਬਾਇਲ ਫੋਨ ਤੋਂ ਮਿਲੇ ਕਈ ਅਹਿਮ ਸਬੂਤਾਂ ਦਾ ਜ਼ਿਕਰ ਕੀਤਾ। ਸੀਬੀਆਈ ਦੇ ਵਕੀਲ ਨਰਿੰਦਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਭੁੱਲਰ ਦੀ ਫੋਨ ਚੈਟ ਤੋਂ ਰਿਸ਼ਵਤ ਖੋਰੀ ਦੇ ਇੱਕ ਪੈਟਰਨ ਦਾ ਸੰਕੇਤ ਮਿਲ ਰਿਹਾ ਹੈ। ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੁਝ ਇਲੈਕਟਰੋਨਿਕਸ ਡਿਵਾਈਸ ਲੁਕਾ ਦਿੱਤੇ ਗਏ ਹਨ ਜਿਨਾਂ ਨੂੰ ਬਰਾਮਦ ਕਰਨਾ ਜ਼ਰੂਰੀ ਹੈ। ਸੀਬੀਆਈ ਨੇ ਇਹ ਦਲੀਲ ਵੀ ਦਿੱਤੀ ਕਿ ਭੁੱਲਰ ਅਤੇ ਉਸਦੇ ਵਿਚੋਲੇ ਕ੍ਰਿਸ਼ਨਨੂੰ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹੈ ਜਿਸ ਤੋਂ ਬਾਅਦ ਸੀਬੀਆਈ ਅਦਾਲਤ ਨੇ ਭੁੱਲਰ ਦਾ ਪੰਜ ਦਿਨ ਦਾ ਰਿਮਾਂਡ ਦੇ ਦਿੱਤਾ।










