ਚੰਡੀਗੜ੍ਹ ,3 ਨਵੰਬਰ, Gee98 news service-
-ਲੱਗਭੱਗ ਚਾਰ ਸਾਲ ਪਹਿਲਾਂ ਜੇਲ੍ਹ ਵਿੱਚੋਂ ਪੈਰੋਲ ‘ਤੇ ਆ ਕੇ ਆਪਣੀ ਮੌਤ ਦਾ ਨਾਟਕ ਕਰਨ ਵਾਲੇ ਕੈਦੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਹੈਰਾਨੀਜਨਕ ਮਾਮਲਾ ਜਲੰਧਰ ਨਾਲ ਸਬੰਧਿਤ ਹੈ। ਦੋਸ਼ੀ ਦੀ ਪਹਿਚਾਣ ਰੇਲਵੇ ਕਲੋਨੀ ਦੇ ਵਾਸੀ ਹਿਮਾਂਸ਼ੂ ਦੇ ਰੂਪ ‘ਚ ਹੋਈ ਹੈ ਜੋ 2018 ‘ਚ ਇਕ 13 ਸਾਲ ਦੀ ਬੱਚੀ ਨਾਲ ਗੈਂਗਰੇਪ ਦੇ ਦੋਸ਼ਾਂ ਤਹਿਤ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਉਹ ਅਕਤੂਬਰ 2021 ਵਿੱਚ ਪੈਰੋਲ ‘ਤੇ ਆਇਆ ਸੀ, ਪੈਰੋਲ ਤੋਂ ਬਾਅਦ ਹਿਮਾਂਸ਼ੂ ਨੇ ਵਾਪਸ ਜੇਲ੍ਹ ਜਾਣਾ ਸੀ ਪਰੰਤੂ ਪੈਰੋਲ ਦੇ ਦੌਰਾਨ ਹੀ ਉਸਨੇ ਆਪਣੀ ਮੌਤ ਦਾ ਨਾਟਕ ਰਚਿਆ ਅਤੇ ਆਪਣੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਜੇਲ੍ਹ ਵਿੱਚ ਕਿਸੇ ਤਰੀਕੇ ਨਾਲ ਜਮਾਂ ਕਰਵਾ ਦਿੱਤਾ ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਉਸ ਨੂੰ ਮ੍ਰਿਤਕ ਮੰਨ ਕੇ ਕੈਦੀਆਂ ਦੀ ਸੂਚੀ ਵਿੱਚੋਂ ਉਸਦਾ ਨਾਮ ਕੱਢ ਦਿੱਤਾ।
ਇਸ ਤੋਂ ਬਾਅਦ ਹਿਮਾਂਸ਼ੂ ਆਪਣੀ ਪਹਿਚਾਣ ਬਦਲ ਕੇ ਆਪਣੀ ਭੂਆ ਦੇ ਕੋਲ ਹੀ ਜਲੰਧਰ ਵਿੱਚ ਹੀ ਰਹਿਣ ਲੱਗ ਪਿਆ ਪਰੰਤੂ ਕੁਝ ਦਿਨ ਪਹਿਲਾਂ ਕਿਸੇ ਨੇ ਉਸਨੂੰ ਪਹਿਚਾਣ ਕੇ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਕਿ ਜਿਸ ਕੈਦੀ ਨੂੰ ਜੇਲ੍ਹ ਪ੍ਰਸ਼ਾਸਨ ਮ੍ਰਿਤਕ ਮੰਨ ਚੁੱਕਾ ਹੈ ਉਹ ਅਜੇ ਜਿਉਂਦਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਹਿਮਾਂਸ਼ੂ ਦੇ ਟਿਕਾਣੇ ‘ਤੇ ਛਾਪਾ ਮਾਰਿਆ ਤੇ ਉਸਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦੀ ਪੁੱਛਗਿੱਛ ਦੌਰਾਨ ਹਿਮਾਂਸ਼ੂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹਿਮਾਂਸ਼ੂ ਨੇ ਮੌਤ ਦਾ ਜਾਅਲੀ ਸਰਟੀਫਿਕੇਟ ਕਿਵੇਂ ਤਿਆਰ ਕਰਵਾਇਆ ਤੇ ਇਸ ਗੋਰਖਧੰਦੇ ਵਿੱਚ ਉਸ ਦੀ ਹੋਰ ਕਿਹੜੇ ਵਿਅਕਤੀਆਂ ਨੇ ਮਦਦ ਕੀਤੀ। ਪੁਲਿਸ ਇਹ ਜਾਂਚ ਵੀ ਕਰ ਰਹੀ ਹੈ ਕਿ ਕੀ ਹਿਮਾਂਸ਼ੂ ਦੀ ਭੂਆ ਨੂੰ ਇਹ ਜਾਣਕਾਰੀ ਸੀ ਕਿ ਉਹ ਆਪਣੇ ਘਰ ਇੱਕ ਫਰਾਰ ਕੈਦੀ ਨੂੰ ਰੱਖੀ ਬੈਠੀ ਹੈ। ਪੁਲਿਸ ਹੁਣ ਹਿਮਾਂਸ਼ੂ ਦਾ ਰਿਮਾਂਡ ਲੈ ਕੇ ਇਹਨਾਂ ਸਵਾਲਾਂ ਦੀ ਅਸਲੀਅਤ ਤੱਕ ਪੁੱਜੇਗੀ। ਬਹਰਹਾਲ ! ਇਕ 13 ਸਾਲ ਦੀ ਮਾਸੂਮ ਬੱਚੀ ਨਾਲ ਗੈਂਗਰੇਪ ਦਾ ਦੋਸ਼ੀ ਮੁੜ ਆਪਣੇ ਅਸਲ ਟਿਕਾਣੇ ਜੇਲ੍ਹ ਵਿੱਚ ਪੁੱਜ ਗਿਆ ਹੈ।











