ਚੰਡੀਗੜ੍ਹ ,4 ਨਵੰਬਰ, Gee98 news service-
-ਪੰਜਾਬ ਤੋਂ ਬਾਹਰੋਂ ਸਮਾਨ/ਮਾਲ ਲੈ ਕੇ ਆਉਣ ਵਾਲੀਆਂ ਗੱਡੀਆਂ ਲਈ ਹੁਣ ਪੰਜਾਬ ‘ਚ ਐਂਟਰੀ ਪਹਿਲਾਂ ਨਾਲੋਂ ਮਹਿੰਗੀ ਹੋਵੇਗੀ। ਪੰਜਾਬ ਸਰਕਾਰ ਨੇ ਸੂਬੇ ‘ਚ ਦਾਖ਼ਲ ਹੋਣ ਵਾਲੀਆਂ ਗੱਡੀਆਂ ‘ਤੇ ਲੱਗਣ ਵਾਲੀ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਵਾਧੇ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਹੈ ਅਤੇ ਸੂਬੇ ਦੇ ਖਾਣਾਂ ਤੇ ਭੂ ਵਿਗਿਆਨ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਹ ਵਾਧੂ ਫੀਸ ਪ੍ਰੋਸੈਸਿਡ ਅਤੇ ਗ਼ੈਰ ਪਰਸੈਸਿਡ ਖਣਿਜਾਂ ‘ਤੇ ਲੱਗੇਗੀ ਭਾਵ ਕਿ ਜਿਹੜੇ ਵਾਹਨ ਪ੍ਰੋਸੈਸਡ ਅਤੇ ਗੈਰ ਪਰਸੈਸਿਡ ਖਣਿਜ ਬਾਹਰੋਂ ਲੈ ਕੇ ਪੰਜਾਬ ਵਿੱਚ ਦਾਖ਼ਲ ਹੋਣਗੇ ਉਹਨਾਂ ‘ਤੇ ਟਰੈਕਟਰ ਟਰਾਲੀਆਂ ਤੇ ਛੋਟੇ ਵਾਹਨਾਂ ਤੋਂ ਪ੍ਰਤੀਵਾਹਨ ਨੇ ਵਸੂਲ ਕੀਤੇ ਜਾਣਗੇ, ਜਦੋਂ ਕਿ ਵੱਡੇ ਵਾਹਨਾਂ ਜਿਵੇਂ ਕਿ ਸਿੰਗਲ ਐਕਸਲ ਵਾਹਨ ਤੋਂ 1500 ਅਤੇ ਡਬਲ ਐਕਸਲ ਵਾਹਨ ਤੋਂ 3000 ਵਸੂਲ ਕੀਤੇ ਜਾਣਗੇ।
ਸਰਕਾਰ ਦਾ ਦਾਅਵਾ ਹੈ ਕਿ ਇਹ ਵਾਧਾ ਵਿਭਾਗ ਨੂੰ ਅੰਤਰਰਾਜੀ ਚੌਂਕੀਆਂ ਦੇ ਚਾਲਣ ਖਰਚਿਆਂ ਨੂੰ ਪੂਰਾ ਕਰਨ, ਮਜਬੂਤ ਤੇ ਸੁਚਾਰੂ ਬਣਾਉਣ ਵਿੱਚ ਮਦਦ ਕਰੇਗਾ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬਾਹਰਲੇ ਸੂਬੇ ਤੋਂ ਪੰਜਾਬ ਚ ਖਣਿਜ ਲੈ ਕੇ ਰਾਜ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਦੇ ਡਰਾਈਵਰਾਂ ਨੂੰ ਇੱਕ ਰਸੀਦ ਵੀ ਜਾਰੀ ਕੀਤੀ ਜਾਵੇਗੀ ਜਿਸ ਨਾਲ ਡਰਾਈਵਰਾਂ ਨੂੰ ਅੱਗੇ ਪਰੇਸ਼ਾਨੀ ਨਹੀਂ ਹੋਵੇਗੀ। ਖਣਿਜ ਪਦਾਰਥ ਲੈ ਕੇ ਆਉਣ ਵਾਲੇ ਵਾਹਨਾਂ ਨੂੰ ਇਹ ਫੀਸ ਸਿਰਫ਼ ਇੱਕ ਵਾਰ ਅਦਾ ਕਰਨੀ ਪਵੇਗੀ ਅਤੇ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਰਸੀਦ ਜਾਰੀ ਕੀਤੀ ਜਾਵੇਗੀ ਜੋ ਸਾਰੇ ਸੂਬੇ ਵਿੱਚ ਜਿੱਥੋਂ ਤੱਕ ਵਾਹਨ ਜਾਵੇਗਾ, ਮੰਨਣਯੋਗ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਕਿਸੇ ਵੀ ਤਰਾਂ ਦੀ ਗ਼ੈਰ ਕਾਨੂੰਨੀ ਉਗਰਾਹੀ ਨੂੰ ਵੀ ਨੱਥ ਪਵੇਗੀ ਅਤੇ ਇਹ ਰਸੀਦ ਦੇ ਧੋਖਾਧੜੀ ਨੂੰ ਖ਼ਤਮ ਕਰਨ ਲਈ ਪੂਰੀ ਜਾਣਕਾਰੀ ਪ੍ਰਦਾਨ ਕਰੇਗੀ, ਜਿਸ ਉੱਪਰ ਵਾਹਨ ਦਾ ਨੰਬਰ, ਡਰਾਈਵਰ ਦਾ ਨਾਮ, ਮੋਬਾਈਲ ਨੰਬਰ, ਖਣਿਜਾਂ ਦੀ ਕਿਸਮ ਤੇ ਮਾਤਰਾ, ਕਿੱਥੋਂ ਵਾਹਨ ਆਇਆ ਤੇ ਕਿੱਥੇ ਜਾਣਾ ਸਮੇਤ ਹੋਰ ਵੀ ਜਾਣਕਾਰੀ ਦਰਜ ਹੋਵੇਗੀ।











