ਚੰਡੀਗੜ੍ਹ ,5 ਨਵੰਬਰ, Gee98 News service-
-ਪੰਜਾਬ ਪੁਲਿਸ ਦੇ ਮੁਅੱਤਲ ਕੀਤੇ DIG ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਲੈਣ ਤੋਂ ਬਾਅਦ CIB ਨੇ ਹੁਣ ਰੀਅਲ ਅਸਟੇਟ ਦਾ ਕੰਮ ਕਰਨ ਵਾਲੇ ਉਹਨਾਂ ਕਾਰੋਬਾਰੀਆਂ ਦੀ ਪੜ੍ਹਤਾਲ ਸ਼ੁਰੂ ਕਰ ਦਿੱਤੀ ਹੈ ਜਿਨਾਂ ਦੇ ਨਾਮ ਭੁੱਲਰ ਦੀ ਡਾਇਰੀ ਵਿੱਚ ਦਰਜ ਹਨ ਅਤੇ ਜਿਨਾਂ ਦਾ ਜ਼ਿਕਰ ਭੁੱਲਰ ਅਤੇ ਉਸ ਦੇ ਵਿਚੋਲੇ ਕ੍ਰਿਸ਼ਨੂੰ ਦੀ ਮੋਬਾਈਲ ਚੈਟ ਤੋਂ ਸਾਹਮਣੇ ਆਇਆ ਹੈ। ਇਸੇ ਲੜੀ ਤਹਿਤ ਮੰਗਲਵਾਰ ਸੀਬੀਆਈ ਨੇ ਪਟਿਆਲਾ ਵਿੱਚ ਤੇ ਲੁਧਿਆਣਾ ਵਿੱਚ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਦੋ ਕਾਰੋਬਾਰੀਆਂ ਦੇ ਘਰਾਂ ‘ਤੇ ਰੇਡ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਦੀ ਟੀਮ ਨੇ ਪਟਿਆਲਾ ਦੇ ਬੀਐਚ ਪ੍ਰਾਪਰਟੀਜ਼ ਦੇ ਮਾਲਕ ਭੁਪਿੰਦਰ ਸਿੰਘ ਦੇ ਘਰੋਂ ਜਾਇਦਾਦ ਨਾਲ ਜੁੜੇ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ ਜੋ ਸੀਬੀਆਈ ਦੀ ਟੀਮ ਆਪਣੇ ਨਾਲ ਲੈ ਗਈ। ਇਸੇ ਤਰ੍ਹਾਂ ਸੀਬੀਆਈ ਦੀ ਟੀਮ ਨੇ ਲੁਧਿਆਣਾ ਵਿਖੇ ਵੀ ਜਾਇਦਾਦ ਨਾਲ ਸੰਬੰਧਿਤ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ। ਸੂਤਰਾਂ ਅਨੁਸਾਰ ਮੁਅੱਤਲ DIG ਭੁੱਲਰ ਦੀ ਬਲੈਕ ਮਨੀ ਨੂੰ ਚਿੱਟਾ ਕਰਨ ਦੇ ਲਈ ਪ੍ਰੋਪਰਟੀ ਦਾ ਕਾਰੋਬਾਰ ਕਰਨ ਵਾਲੇ ਇਹ ਕਾਰੋਬਾਰੀ ਅਹਿਮ ਭੂਮਿਕਾ ਨਿਭਾ ਰਹੇ ਸਨ। ਸੀਬੀਆਈ ਦੀ ਪੜ੍ਹਤਾਲ ਦੀ ਸੂਈ ਕਾਰੋਬਾਰੀਆਂ ਵੱਲ ਘੁੰਮਣ ਤੋਂ ਬਾਅਦ ਜੀਰਕਪੁਰ, ਪਟਿਆਲਾ, ਲੁਧਿਆਣਾ, ਮੁਹਾਲੀ ਤੇ ਖਰੜ ਵਿੱਚ ਪ੍ਰਾਪਰਟੀ ਡਰ ਕੰਮ ਕਰਨ ਵਾਲੇ ਕਾਰੋਬਾਰੀਆਂ ਦੇ ਸਾਹ ਉੱਪਰ ਥੱਲੇ ਹੋ ਰਹੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸੀਬੀਆਈ ਨੇ ਹੁਣ ਤੱਕ ਦੀ ਪੜ੍ਹਤਾਲ ਤੋਂ ਬਾਅਦ ਭੁੱਲਰ ਨਾਲ ਜੁੜੇ ਜਿਨਾਂ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ, ਉਹਨਾਂ ਵਿੱਚ ਮਾਲ ਮਹਿਕਮੇ ਨਾਲ ਜੁੜੇ ਕਰਮਚਾਰੀ ਅਤੇ ਅਫ਼ਸਰ ਵੀ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ ਨੂੰ ਭੁੱਲਰ੍ਹਅਤੇ ਉਸਦੇ ਵਿਚੋਲੇ ਕ੍ਰਿਸ਼ਨੂੰ ਦੀ ਮੋਬਾਇਲ ਚੈਟ ਤੋਂ ਕੁਝ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ ਜਿਨਾਂ ਵਿੱਚ ਅਦਾਲਤ ਦੇ ਹੁਕਮਾਂ ਨੂੰ ਪ੍ਰਭਾਵਿਤ ਕਰਨਾ, ਕੁਝ ਮਾਮਲਿਆਂ ਦੀ ਸੁਣਵਾਈ ਦੇ ਨਤੀਜਿਆਂ ਨੂੰ ਮੋੜਨਾ,ਅਤੇ ਕੁਝ ਅਧਿਕਾਰੀਆਂ ਦੇ ਹੱਕ ‘ਚ ਫੈਸਲੇ ਕਰਵਾਉਣ ਦੀ ਚਰਚਾ ਸ਼ਾਮਿਲ ਹੈ। ਸੂਤਰਾਂ ਅਨੁਸਾਰ ਸੀਬੀਆਈ ਕੁਝ ਨਿਆਂਇਕ ਅਧਿਕਾਰੀਆਂ ਅਤੇ ਪੁਲਿਸ ਦੇ ਇੱਕ ਡੀਆਈਜੀ ਨੂੰ ਵੀ ਬੁਲਾ ਸਕਦੀ ਹੈ। ਸੀਬੀਆਈ ਦਾ ਮੰਨਣਾ ਹੈ ਕਿ ਭੁੱਲਰ ਨਾਲ ਜੁੜਿਆ ਇਹ ਮਾਮਲਾ ਸਿਰਫ ਰਿਸ਼ਵਤਖੋਰੀ ਤੱਕ ਹੀ ਸੀਮਤ ਨਹੀਂ ਸਗੋਂ ਇਹ ਨਿਆਂਇਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਗੰਭੀਰ ਸਾਜਿਸ਼ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੀਬੀਆਈ ਦੀ ਟੀਮ ਵੱਲੋਂ ਬਰਨਾਲਾ ਵਿਖੇ ਵੀ ਰੇਡ ਕਰਨ ਦੀ ਚਰਚਾ ਹੁੰਦੀ ਰਹੀ ਭਾਵੇਂ ਕਿ ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਤਾਂ ਨਹੀਂ ਹੋਈ ਪ੍ਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਭੁੱਲਰ ਦੀ ਡਾਇਰੀ ਵਿੱਚ ਬਰਨਾਲਾ ਦੇ ਇੱਕ ਕਾਰੋਬਾਰੀ ਦਾ ਨਾਮ ਦਰਜ ਹੈ ਜੋ ਸੀਬੀਆਈ ਦੇ ਰਾਡਾਰ ‘ਤੇ ਹੈ। ਚਰਚਾ ਹੈ ਕਿ ਬਰਨਾਲਾ ਵਿਖੇ ਬਤੌਰ ਐਸਐਸਪੀ ਸੇਵਾਵਾਂ ਨਿਭਾਉਣ ਸਮੇਂ ਬਰਨਾਲਾ ਦੇ ਇੱਕ ਕਾਰੋਬਾਰੀ ਦੀ ਭੁੱਲਰ ਨਾਲ ਚੰਗੀ ਨੇੜਤਾ ਰਹੀ ਹੈ, ਜੋ ਭੁੱਲਰ ਦੀ ਬਲੈਕ ਮਨੀ ਨੂੰ ਚਿੱਟਾ ਕਰਨ ਲਈ ਸ਼ੱਕ ਦੇ ਘੇਰੇ ਵਿੱਚ ਹੈ। ਸੂਤਰਾਂ ਅਨੁਸਾਰ ਉਹ ਸਾਰੇ ਜ਼ਿਲ੍ਹੇ ਸੀਬੀਆਈ ਦੀ ਰਾਡਾਰ ‘ਤੇ ਹਨ ਜਿੱਥੇ ਭੁੱਲਰ ਨੇ ਬਤੌਰ ਐਸਐਸਪੀ ਕੰਮ ਕੀਤਾ ਹੈ, ਇਸ ਲਈ ਬਰਨਾਲਾ ਵਿਖੇ ਬਤੌਰ ਐਸਐਸਪੀ ਤਾਇਨਾਤੀ ਸਮੇਂ ਭੁੱਲਰ ਨਾਲ ਚਾਹ ਦੀਆਂ ਚੁਸਕੀਆਂ ਸਾਂਝੀਆਂ ਕਰਨ ਵਾਲੇ ਕਾਰੋਬਾਰੀ ਅਤੇ ਹੋਰ ਵਿਅਕਤੀ ਵੀ ਸੀਬੀਆਈ ਦੇ ਰਾਡਾਰ ‘ਤੇ ਆ ਸਕਦੇ ਹਨ।










