-ਸਾਰੀ ਕਬੀਲਦਾਰੀ ਦੀ ਜਿੰਮੇਵਾਰੀ ਦੋਸ਼ੀ ਕੋਲ ਸੀ
ਬਰਨਾਲਾ ,5 ਨਵੰਬਰ, Gee98 news service
ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਤੋਂ ਕੁਝ ਦਿਨ ਪਹਿਲਾਂ ਆਪਣੇ ਨੌਜਵਾਨ ਬੇਟੇ ਅਤੇ ਬੇਟੀ ਸਮੇਤ ਭੇਦਭਰੇ ਹਾਲਾਤਾਂ ‘ਚ ਲਾਪਤਾ ਹੋਈ ਇੱਕ ਔਰਤ ਅਤੇ ਉਸ ਦੇ ਬੇਟੇ ਅਤੇ ਬੇਟੀ ਦੇ ਦਿਲ ਦਹਿਲਾ ਦੇਣ ਵਾਲੇ ਕਤਲ ਦੀ ਕਹਾਣੀ ਸਾਹਮਣੇ ਆਈ ਹੈ। ਆਪਣੇ ਬੇਟੇ ਤੇ ਬੇਟੀ ਸਮੇਤ ਲਾਪਤਾ ਹੋਣ ਦੀ ਸੂਚਨਾ ਤੋਂ ਬਾਅਦ ਦੌਰਾਨੇ ਪੜਤਾਲ ਪੁਲਿਸ ਨੇ ਇਸ ਮਾਮਲੇ ‘ਚ ਪਿੰਡ ਦੇ ਹੀ ਕੁਲਵੰਤ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਿਸ ਨੇ ਪਿੰਡ ਸੇਖਾ ਦੀ ਕਿਰਨਜੀਤ ਕੌਰ (45 ਸਾਲ) ਉਸ ਦੀ ਬੇਟੀ ਸੁਖਚੈਨਪ੍ਰੀਤ ਕੌਰ (25 ਸਾਲ) ਅਤੇ ਬੇਟਾ ਹਰਮਨਜੀਤ ਸਿੰਘ (22 ਸਾਲ) ਦੇ ਕਤਲ ਦਾ ਦੋਸ਼ ਕਬੂਲ ਕੀਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਦੋਸ਼ੀ ਕੁਲਵੰਤ ਸਿੰਘ ਦਾ ਪਿਛਲੇ ਕਈ ਵਰ੍ਹਿਆਂ ਤੋਂ ਮ੍ਰਿਤਕ ਔਰਤ ਕਿਰਨਜੀਤ ਕੌਰ ਦੇ ਘਰ ਆਉਣ ਜਾਣ ਸੀ ਅਤੇ ਦੋਵਾਂ ਦੇ ਸਬੰਧ ਬਣੇ ਹੋਏ ਸਨ। ਕਿਰਨਜੀਤ ਕੌਰ ਨੇ ਇੱਕ ਤਰੀਕੇ ਨਾਲ ਆਪਣੇ ਸਾਰੇ ਘਰ ਦੀ ਕਬੀਲਦਾਰੀ ਦੋਸ਼ੀ ਕੁਲਵੰਤ ਸਿੰਘ ਦੇ ਸਪੁਰਦ ਕੀਤੀ ਹੋਈ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਕਿਰਨਜੀਤ ਕੌਰ ਦੇ ਪਤੀ ਸਤਪਾਲ ਸਿੰਘ ਦੀ ਕਰੀਬ 17 -18 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਕੁਲਵੰਤ ਸਿੰਘ, ਕਿਰਨਜੀਤ ਕੌਰ ਦੇ ਸੰਪਰਕ ਵਿੱਚ ਆਇਆ ਤੇ ਉਸ ਨਾਲ ਚੰਗੇ ਪਰਿਵਾਰਕ ਸੰਬੰਧ ਬਣਾ ਲਏ। ਕੁਝ ਸਮਾਂ ਪਹਿਲਾਂ ਕੁਲਵੰਤ ਸਿੰਘ ਨੇ ਕਿਰਨਜੀਤ ਕੌਰ ਦੀ ਘਰੇਲੂ ਜ਼ਮੀਨ ਦਾ ਸੌਦਾ ਕਰਵਾ ਦਿੱਤਾ ਅਤੇ ਸਾਰੇ ਪੈਸੇ ਖੁਦ ਹੜੱਪ ਕਰ ਲਏ। ਭਾਵੇਂ ਕਿ ਕਿਰਨਜੀਤ ਕੌਰ, ਕੁਲਵੰਤ ਸਿੰਘ ਨਾਲ ਪਿਛਲੇ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ ਅਤੇ ਕੁਲਵੰਤ ਸਿੰਘ ‘ਤੇ ਅੰਨਾ ਯਕੀਨ ਵੀ ਕਰਦੀ ਸੀ ਪ੍ਰੰਤੂ ਕੁਝ ਦਿਨਾਂ ਤੋਂ ਉਹ ਕੁਲਵੰਤ ਸਿੰਘ ਤੋਂ ਆਪਣੀ ਜ਼ਮੀਨ ਦੇ ਪੈਸੇ ਮੰਗ ਰਹੀ ਸੀ ਜਿਸ ਤੋਂ ਕੁਲਵੰਤ ਸਿੰਘ ਔਖਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਨੇ ਦੱਸਿਆ ਕਿ ਦੋਸ਼ੀ ਕੁਲਵੰਤ ਸਿੰਘ 26 ਅਕਤੂਬਰ 2025 ਦੀ ਰਾਤ ਨੂੰ ਕਿਰਨਜੀਤ ਕੌਰ ਉਸਦੀ ਬੇਟੀ ਸੁਖਚੈਨਪ੍ਰੀਤ ਕੌਰ ਅਤੇ ਬੇਟੇ ਹਰਮਨਜੀਤ ਸਿੰਘ ਨੂੰ ਮਾਤਾ ਸ੍ਰੀ ਨੈਣਾਂ ਦੇਵੀ ਦੀ ਯਾਤਰਾ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਵਾਪਸੀ ਆਉਂਦੇ ਸਮੇਂ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਨਾਰੀਅਲ ਅਤੇ ਨਿਆਜ਼ (ਮਿੱਠੇ ਚੌਲ) ਨਹਿਰ ਵਿੱਚ ਜਲ ਪ੍ਰਵਾਹ ਕਰਨ ਦਾ ਬਹਾਨਾ ਬਣਾ ਕੇ ਉਸਨੇ ਪਹਿਲਾਂ ਕਿਰਨਜੀਤ ਕੌਰ ਅਤੇ ਉਸਦੀ ਬੇਟੀ ਸੁਖਚੈਨਪ੍ਰੀਤ ਕੌਰ ਨੂੰ ਧੱਕਾ ਦੇ ਦਿੱਤਾ ਅਤੇ ਬਾਅਦ ਵਿੱਚ ਬੇਟੇ ਹਰਮਨਜੀਤ ਸਿੰਘ ਨੂੰ ਵੀ ਨਹਿਰ ਵਿੱਚ ਧੱਕਾ ਦੇ ਦਿੱਤਾ। ਇਸ ਘਟਨਾ ਦਾ ਇੱਕ ਦੁਖਦ ਪੱਖ ਇਹ ਵੀ ਹੈ ਕਿ ਕਿਰਨਜੀਤ ਕੌਰ ਅਤੇ ਉਸਦੀ ਬੇਟੀ ਸੁਖਚੈਨਪ੍ਰੀਤ ਕੌਰ ਦੀਆਂ ਲਾਸ਼ਾਂ ਹਰਿਆਣਾ ‘ਚੋਂ ਬਰਾਮਦ ਹੋਈਆਂ ਜਿੱਥੋਂ ਦੀ ਪੁਲਿਸ ਨੇ ਕੋਈ ਬਾਲੀ ਵਾਰਿਸ ਸਾਹਮਣੇ ਨਾ ਆਉਣ ਕਰਕੇ ਉਹਨਾਂ ਦਾ ਸਸਕਾਰ ਵੀ ਕਰ ਦਿੱਤਾ ਸੀ ਅਤੇ ਉਸਦੇ ਬੇਟੇ ਹਰਮਨਜੀਤ ਸਿੰਘ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ। ਐਸਐਸਪੀ ਨੇ ਕਿਹਾ ਕਿ ਦੋਸ਼ੀ ਕੁਲਵੰਤ ਸਿੰਘ ਨੂੰ ਰਿਮਾਂਡ ‘ਤੇ ਲੈ ਕੇ ਪੜ੍ਹਤਾਲ ਕੀਤੀ ਜਾਵੇਗੀ ਕਿ ਇਸ ਤੀਹਰੇ ਕਤਲ ਕਾਂਡ ਦੀ ਘਟਨਾ ਨੂੰ ਦੋਸ਼ੀ ਕੁਲਵੰਤ ਸਿੰਘ ਨੇ ਇਕੱਲੇ ਨੇ ਅੰਜਾਮ ਦਿੱਤਾ ਜਾਂ ਕੋਈ ਹੋਰ ਉਸਦੇ ਨਾਲ ਇਸ ਵਾਰਦਾਤ ਵਿੱਚ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਜਿਸ ਵੇਲੇ ਐਸਐਸਪੀ ਦੀ ਪ੍ਰੈਸ ਕਾਨਫਰੰਸ ਹੋ ਰਹੀ ਸੀ ਤਾਂ ਐਸਐਸਪੀ ਦਫ਼ਤਰ ਦੇ ਬਾਹਰ ਪਿੰਡ ਸੇਖਾ ਅਤੇ ਤਿੰਨ ਚਾਰ ਹੋਰ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਸੈਂਕੜੇ ਦੀ ਗਿਣਤੀ ਵਿੱਚ ਲੋਕ ਬਾਹਰ ਇਕੱਠੇ ਹੋਏ ਸਨ ਜਿਹੜੇ ਕਿ ਮੰਗ ਕਰ ਰਹੇ ਸਨ ਕਿ ਮਾਂ- ਧੀ ਅਤੇ ਪੁੱਤਰ ਦੇ ਤੀਹਰੇ ਕਤਲ ਕਾਂਡ ਦੀ ਇਸ ਨਿੰਦਣਯੋਗ ਘਟਨਾ ਵਿੱਚ ਦੋਸ਼ੀ ਕੁਲਵੰਤ ਸਿੰਘ ਦੀ ਪਤਨੀ ਉਸਦੇ ਪੁੱਤਰ ਅਤੇ ਉਸਦੇ ਪਿਤਾ ਨੂੰ ਵੀ ਸ਼ਾਮਿਲ ਕੀਤਾ ਜਾਵੇ ਕਿਉਂਕਿ ਉਹ ਵੀ ਇਸ ਸਾਜ਼ਿਸ਼ ਵਿੱਚ ਸ਼ਾਮਿਲ ਹਨ। ਮੌਕੇ ‘ਤੇ ਹਾਜ਼ਰ ਪਿੰਡ ਦੇ ਲੋਕਾਂ ਨੇ ਮੰਨਿਆ ਕਿ ਦੋਸ਼ੀ ਕੁਲਵੰਤ ਸਿੰਘ ਦਾ ਮ੍ਰਿਤਕ ਔਰਤ ਨਾਲ ਕਾਫ਼ੀ ਸਮੇਂ ਤੋਂ ਆਉਣ ਜਾਣ ਸੀ ਪ੍ਰੰਤੂ ਉਸ ਨੇ ਇਸ ਵੱਡੀ ਘਟਨਾ ਨੂੰ ਜ਼ਮੀਨ ਵੇਚਣ ਤੋਂ ਬਾਅਦ ਮਿਲੇ ਪੈਸੇ ਹੜੱਪਣ ਦੀ ਨੀਅਤ ਨਾਲ ਹੀ ਅੰਜਾਮ ਦਿੱਤਾ।
ਇਸ ਮੌਕੇ ਮ੍ਰਿਤਕ ਔਰਤ ਕਿਰਨਜੀਤ ਕੌਰ ਦੇ ਪੇਕੇ ਪਰਿਵਾਰ ਵਾਲਿਆਂ ਵਿੱਚੋਂ ਉਸਦੇ ਪਿਤਾ ਤੇ ਭਰਾਵਾਂ ਨੇ ਵੀ ਕਿਹਾ ਕਿ ਉਨਾਂ ਦੀ ਬੇਟੀ ਅਤੇ ਉਸ ਦੇ ਬੇਟੇ-ਬੇਟੀ ਦੇ ਕਤਲ ਵਿੱਚ ਇਕੱਲਾ ਕੁਲਵੰਤ ਸਿੰਘ ਨਹੀਂ ਸਗੋਂ ਉਸ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹਨ ਜਿਨਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਮ੍ਰਿਤਕ ਔਰਤ ਦੇ ਪਿਤਾ ਨੇ ਕਿਹਾ ਕਿ ਇਹ ਕਰੋੜਾਂ ਦੀ ਖੇਡ ਹੈ। ਕੁਲਵੰਤ ਸਿੰਘ ਉਸ ਦੀ ਬੇਟੀ ਦੇ ਕਰੋੜਾਂ ਰੁਪਏ ਹੜੱਪ ਕਰ ਗਿਆ ਹੈ ਜੋ ਉਸ ਨੇ ਜ਼ਮੀਨ ਅਤੇ ਕਈ ਤੋਲੇ ਸੋਨਾ ਵੇਚ ਕੇ ਹੜੱਪੇ ਹਨ। ਪਤੀ ਦੀ ਮੌਤ ਤੋਂ ਬਾਅਦ ਪਿੰਡ ਦੇ ਇੱਕ ਵਿਅਕਤੀ ਨਾਲ ਸੰਬੰਧਾਂ ‘ਚ ਰਹਿਣ ਵਾਲੀ ਇੱਕ ਔਰਤ ਦੇ ਬੇਟੇ ਅਤੇ ਬੇਟੀ ਸਮੇਤ ਕਤਲ ਦੀ ਇਸ ਦਰਦਨਾਕ ਕਹਾਣੀ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੈ।










