ਚੰਡੀਗੜ੍ਹ ,23 ਦਸੰਬਰ , Gee98 News service-
-ਸਰਦੀਆਂ ਦੀ ਇੱਕ ਰਾਤ ਘਰ ਵਿੱਚ ਜਬਰਦਸਤੀ ਦਾਖਲ ਹੋ ਕੇ ਇੱਕ ਮਹਿਲਾ ਦੀ ਹੱਤਿਆ ਕਰਨ ਦੇ ਮਾਮਲੇ ‘ਚ ਪੰਜ ਦੋਸ਼ੀਆਂ ਨੂੰ ਕੁਰੂਕਸ਼ੇਤਰ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 9 ਜਨਵਰੀ 2023 ਦੀ ਰਾਤ ਦਾ ਹੈ ਜਦੋਂ ਡਾਕਟਰ ਵਨੀਤਾ ਅਰੋੜਾ ਦੇ ਘਰ ਅੰਦਰ ਦਾਖਲ ਹੋ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਡਾਕਟਰ ਵਨੀਤਾ ਅਰੋੜਾ ਦਾ ਪਤੀ ਡਾਕਟਰ ਅਤੁਲ ਅਰੋੜਾ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਘਰ ਸਨ ਜਿਨਾਂ ਨੂੰ ਦੋਸ਼ੀਆਂ ਨੇ ਪਿਸਤੌਲ ਦੀ ਨੋਕ ਤੇ ਬੰਧਕ ਬਣਾ ਲਿਆ ਸੀ। ਇਸ ਦੌਰਾਨ ਦੋਸ਼ੀਆਂ ਨੇ ਡਾਕਟਰ ਵਨੀਤਾ ਅਰੋੜਾ ਦਾ ਕਤਲ ਕਰ ਦਿੱਤਾ ਅਤੇ ਉਹ ਘਰ ਵਿੱਚ ਪਏ ਸੋਨੇ ਚਾਂਦੀ ਦੇ ਗਹਿਣੇ ਅਤੇ ਲਗਭਗ ਡੇਢ ਲੱਖ ਰੁਪਏ ਲੈ ਕੇ ਭੱਜ ਗਏ ਸਨ। ਪੁਲਿਸ ਜਾਂਚ ਦੌਰਾਨ ਇਸ ਕਤਲ ਦੀ ਮਾਸਟਰਮਾਈਂਡ ਡਾਕਟਰ ਦੀ ਨੌਕਰਾਣੀ, ਉਸ ਦਾ ਪ੍ਰੇਮੀ ਅਤੇ ਤਿੰਨ ਹੋਰ ਦੋਸ਼ੀ ਨਿਕਲੇ। ਇਸ ਮਾਮਲੇ ਦੀ ਸੁਣਵਾਈ ਲਗਭਗ 30 ਮਹੀਨੇ ਤੱਕ ਚੱਲੀ, ਇਸ ਦੌਰਾਨ 51 ਗਵਾਹ ਪੇਸ਼ ਹੋਏ ਜਿਨ੍ਹਾਂ ਵਿੱਚੋਂ 27 ਗਵਾਹਾਂ ਦੇ ਬਿਆਨਾਂ ਤੇ ਠੋਸ ਸਬੂਤਾਂ ਦੇ ਆਧਾਰ ‘ਤੇ ਅਦਾਲਤ ਨੇ ਪੰਜ ਦੋਸ਼ੀਆਂ ਡਾਕਟਰ ਦੀ ਨੌਕਰਾਣੀ ਪੂਨਮ, ਉਸ ਦਾ ਪ੍ਰੇਮੀ ਵਿਕਰਮ, ਮਨੀਸ਼ ਕੁਮਾਰ, ਸੁਨੀਲ ਕੁਮਾਰ ਅਤੇ ਬਿਕਰਮਜੀਤ ਉਰਫ ਬਿੱਟੂ ਨੂੰ ਦੋਸ਼ੀ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸ ਮਾਮਲੇ ਨੂੰ ਦੁਰਲੱਭ ਤੋਂ ਦੁਰਲੱਭ ਮੰਨਿਆ ਹੈ। ਅਦਾਲਤੀ ਫੈਸਲੇ ਅਨੁਸਾਰ ਪੰਜੇ ਦੋਸ਼ੀਆਂ ਨੂੰ ਇਕੱਠੇ ਹੀ ਫਾਂਸੀ ਲਗਾਈ ਜਾਵੇਗੀ। ਪਰੰਤੂ ਉਸ ਤੋਂ ਪਹਿਲਾਂ ਕਾਨੂੰਨ ਅਨੁਸਾਰ ਦੋਸ਼ੀਆਂ ਕੋਲੇ ਇਸ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦੇਣ ਲਈ ਦੋ ਮਹੀਨੇ ਦਾ ਸਮਾਂ ਬਾਕੀ ਹੈ।










