ਚੰਡੀਗੜ੍ਹ,25. ਦਸੰਬਰ, Gee98 news service-
-ਮੁਹਾਲੀ ਦੇ ਸੋਹਾਣਾ ‘ਚ ਕਬੱਡੀ ਦੇ ਇੱਕ ਵੱਡੇ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ‘ਤੇ ਸਵਾਲ ਚੁੱਕਦਿਆਂ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੂੰ ਤਲਬ ਕੀਤਾ ਹੈ। ਬੁੱਧਵਾਰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਤਿੱਖੀ ਝਾੜ ਵੀ ਪਾਈ। ਹਾਈਕੋਰਟ ਨੇ ਸੁਣਵਾਈ ਦੌਰਾਨ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਨਾਲ ਇਸ ਅਪਰਾਧ ਨੂੰ ‘ਗਲੋਰੀਫਾਈ’ ਕੀਤਾ ਅਤੇ ਨਾਲ ਹੀ DGP ਪੰਜਾਬ ਨੂੰ ਤਲਬ ਕਰਦਿਆਂ 15 ਜਨਵਰੀ ਨੂੰ ਜਵਾਬ ਦੇਣ ਲਈ ਕਿਹਾ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ, ਸਿਰਫ਼ ਦੋ ਸ਼ੂਟਰਾਂ ਨੇ ਹਜ਼ਾਰਾਂ ਦੀ ਭੀੜ ਵਿੱਚ ਜਨਤਕ ਤੌਰ ‘ਤੇ ਗੋਲੀਆਂ ਚਲਾਈਆਂ ਅਤੇ ਭੱਜ ਗਏ। ਇਹ ਪੂਰੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਮਾਮਲੇ ਵਿੱਚ ਹਾਈ ਕੋਰਟ ਦੀ ਸਹਾਇਤਾ ਕਰ ਰਹੀ ਵਕੀਲ ਤਨੂ ਬੇਦੀ ਨੇ ਕਿਹਾ ਕਿ ਪੰਜਾਬ ਚ ਗੈਂਗਸਟਰਵਾਦ ਉਦੋਂ ਤੱਕ ਨਹੀਂ ਰੁਕੇਗਾ, ਜਦੋਂ ਤੱਕ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਗੱਠਜੋੜ ਨਹੀਂ ਟੁੱਟ ਜਾਂਦਾ। ਹਾਈਕੋਰਟ ਨੇ ਕਿਹਾ ਕਿ ਟਾਰਗੇਟ ਕਿਲਿੰਗ ਦੇ ਅਜਿਹੇ ਕਈ ਹੋਰ ਮਾਮਲੇ ਸਾਹਮਣੇ ਆਏ ਹਨ। ਇਹ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਦੀਪਕ ਮਨਚੰਦਾ ਬੈਂਚ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਨੂੰ ਇਸ ਸਵਾਲ ਦਾ ਜਵਾਬ ਦੇਣ ਲਈ ਮਾਮਲੇ ਦੀ ਅਗਲੀ ਸੁਣਵਾਈ ‘ਤੇ ਨਿੱਜੀ ਤੌਰ ‘ਤੇ ਹਾਈ ਕੋਰਟ ਵਿੱਚ ਪੇਸ਼ ਹੋਣਾ ਚਾਹੀਦਾ ਹੈ। ਡੀਜੀਪੀ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਦਿਨ ਡਿਊਟੀ ‘ਤੇ ਕਿਹੜੇ ਸੁਰੱਖਿਆ ਪ੍ਰਬੰਧ ਸਨ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਅਜਿਹੇ ਕਈ ਖੇਡ ਸਮਾਗਮ ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਕਰਵਾਏ ਗਏ ਹਨ, ਇਸ ‘ਤੇ ਵੀ ਜਵਾਬ ਦਿੱਤਾ ਜਾਣਾ ਚਾਹੀਦਾ ਹੈ।
ਹਾਈਕੋਰਟ ਨੇ ਕਿਹਾ, “ਅਸੀਂ ਪੰਜਾਬ ਦੇ ਹਰ ਨਾਗਰਿਕ ਦੀ ਸੁਰੱਖਿਆ ਬਾਰੇ ਚਿੰਤਤ ਹਾਂ ਅਤੇ ਸਰਕਾਰ ਨੂੰ ਵੀ ਉਨ੍ਹਾਂ ਦੀ ਸੁਰੱਖਿਆ ਬਾਰੇ ਚਿੰਤਤ ਹੋਣਾ ਚਾਹੀਦਾ ਹੈ।”










