ਬਰਨਾਲਾ,25 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਕਸਬਾ ਧਨੌਲਾ ਦੀ ਤਹਿਸੀਲ ‘ਚ ਰਜਿਸਟਰੀਆਂ ਕਰਨ ਬਦਲੇ ਰਿਸ਼ਵਤ ਲੈਣ ਦੇ ਗੋਰਖਧੰਦੇ ਸਬੰਧੀ ਵਾਇਰਲ ਹੋ ਰਹੀ ਵੀਡੀਓ ਨੇ ਅਨੇਕਾਂ ਸਵਾਲ ਖੜੇ ਕੀਤੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਜੋ ਰਜਿਸਟਰੀ ਕਰਵਾਉਣ ਆਏ ਇੱਕ ਨੌਜਵਾਨ ਵੱਲੋਂ ਬਣਾਈ ਗਈ ਹੈ। ਵੀਡੀਓ ਬਣਾਉਣ ਵਾਲੇ ਨੌਜਵਾਨ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਧਨੌਲਾ ਦੀ ਤਹਿਸੀਲ ‘ਚ ਰਜਿਸਟਰੀ ਕਰਨ ਬਦਲੇ ਪ੍ਰਤੀ ਰਜਿਸਟਰੀ 10 ਹਜ਼ਾਰ ਰੁਪਏ ਸ਼ਰੇਆਮ ਰਿਸ਼ਵਤ ਲਈ ਜਾ ਰਹੀ ਹੈ, ਜਿਹੜੇ ਇਹ ਰਿਸ਼ਵਤ ਦੇ ਦਿੰਦੇ ਹਨ ਉਹਨਾਂ ਦੀ ਰਜਿਸਟਰੀ ਹੋ ਜਾਂਦੀ ਹੈ ਅਤੇ ਬਾਕੀਆਂ ਨੂੰ ਹੈਰਾਨ ਪਰੇਸ਼ਾਨ ਕੀਤਾ ਜਾਂਦਾ ਹੈ। ਵੀਡੀਓ ਵਿੱਚ ਨੌਜਵਾਨ ਨੇ ਨਾਇਬ ਤਹਿਸੀਲਦਾਰ ‘ਤੇ ਸਿੱਧੇ ਦੋਸ਼ ਲਗਾਏ ਹਨ ਅਤੇ ਤਹਿਸੀਲ ਦੇ ਉਹਨਾਂ ਕਰਮਚਾਰੀਆਂ ਦੇ ਚਿਹਰੇ ਵੀ ਦਿਖਾਏ ਹਨ ਜਿਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ ਹਨ। ਪੰਜਾਬ ‘ਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨ ਦੇ ਦਾਅਵਿਆਂ ਦੇ ਨਾਂ ‘ਤੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਬਰਨਾਲਾ ਨਾਲ ਸੰਬੰਧਿਤ ਸੱਤਾਧਾਰੀ ਆਗੂਆਂ ਨੂੰ ਇਸ ਵੀਡੀਓ ਨੇ ਅੱਤ ਦੀ ਸਰਦੀ ‘ਚ ਵੀ ਤਰੇਲੀਆਂ ਲਿਆ ਦਿੱਤੀਆਂ ਹਨ ਕਿਉਂਕਿ ਇਹ ਵੀਡੀਓ ਸੱਤਾ ਵਿਰੋਧੀ ਕਿਸੇ ਪਾਰਟੀ ਦੇ ਵਰਕਰ ਜਾਂ ਆਗੂ ਵੱਲੋਂ ਨਹੀਂ ਸਗੋਂ ਇੱਕ ਆਮ ਵਿਅਕਤੀ ਵੱਲੋਂ ਬਣਾਈ ਗਈ ਹੈ। ਹੁਣ ਵੇਖਣਯੋਗ ਹੋਵੇਗਾ ਕਿ ਤਹਿਸੀਲ ਦੇ ਵਿੱਚ ਰਿਸ਼ਵਤ ਦੇ ਗੋਰਖਧੰਦੇ ਦੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਿਸੇ ਜ਼ਿੰਮੇਵਾਰ ਅਧਿਕਾਰੀ/ਕਰਮਚਾਰੀ ‘ਤੇ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਜਾਂ ਸੱਤਾਧਾਰੀ ਆਗੂਆਂ ਤੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਦੀ ਤਰ੍ਹਾਂ ਢੀਠਤਾਈ ਦੀ ਲੋਈ ਵਲੇਟ ਕੇ ਰੱਖੀ ਜਾਵੇਗੀ। ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ
ਫੋਟੋ ਕੈਪਸ਼ਨ-ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਦੀ ਤਸਵੀਰ










