ਚੰਡੀਗੜ੍ਹ,26 ਦਸੰਬਰ, Gee98 news service
-ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਾਲੇ ਦਿਨ 14 ਦਸੰਬਰ ਨੂੰ ਚੋਣ ਡਿਊਟੀ ‘ਤੇ ਜਾ ਰਹੇ ਇੱਕ ਅਧਿਆਪਕ ਪਤੀ ਪਤਨੀ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਦਿੱਤਾ 10-10 ਲੱਖ ਰੁਪਏ ਦਾ ਮੁਆਵਜ਼ਾ ਅਧਿਆਪਕ ਜਥੇਬੰਦੀਆਂ ਨੇ ਠੁਕਰਾ ਕੇ ਸਮੂਹ ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਅਧਿਆਪਕ ਆਗੂਆ ਨੇ ਪੰਜਾਬ ਸਰਕਾਰ ਦੇ ਅਧਿਆਪਕਾਂ ਪ੍ਰਤੀ ਗ਼ੈਰ ਸੰਵੇਦਨਸ਼ੀਲ ਰੱਵਈਏ ਦੀ ਨਿਖੇਧੀ ਕਰਦਿਆਂ ਅਤੇ ਪ੍ਰਸ਼ਨ ਉਠਾਉਂਦਿਆਂ ਕਿਹਾ ਕਿ ਜੇਕਰ ਪੁਲਿਸ ਮੁਲਾਜ਼ਮ ਦੀ ਇਸ ਪ੍ਰਕਾਰ ਮੌਤ ਹੋਣ ”ਤੇ ਇਕ ਕਰੋੜ ਰੁਪਏ ਦਿੱਤੇ ਜਾ ਸਕਦੇ ਹਨ ਤਾਂ ਅਧਿਆਪਕ ਜੋ ਸਰਕਾਰ ਦੀ ਹੀ ਡਿਊਟੀ ਕਰਦੇ ਆਪਣੀ ਜਾਨ ਗਵਾਉਂਦਾ ਹੈ ਤਾਂ ਉਸ ਨੂੰ ਨਿਗੁਣੀ ਰਾਸ਼ੀ ਦੇ ਕੇ ਅਪਮਾਨਤ ਕਿਉਂ ਕੀਤਾ ਜਾ ਰਿਹਾ ਹੈ ? ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਸੁਖਵਿੰਦਰ ਚਾਹਲ,ਵਿਕਰਮ ਦੇਵ ਸਿੰਘ, ਦਿਗਵਿਜੇ ਪਾਲ ਸ਼ਰਮਾ, ਨਵਪ੍ਰੀਤ ਬੱਲੀ, ਬਲਜਿੰਦਰ ਸਿੰਘ ਧਾਲੀਵਾਲ, ਸੁਰਿੰਦਰ ਪੁਆਰੀ, ਕਰਿਸ਼ਨ ਸਿੰਘ ਦੁੱਗਾਂ, ਲਛਮਣ ਸਿੰਘ ਨਬੀਪੁਰ, ਪ੍ਰਗਟਜੀਤ ਕਿਸ਼ਨਪੁਰਾ, ਦੀਪਕ ਕੰਬੋਜ, ਹਰਜੰਟ ਸਿੰਘ,ਹਰਜਿੰਦਰ ਧਾਲੀਵਾਲ, ਹਰਜਿੰਦਰ ਸਿੰਘ, ਪਤਵੰਤ ਸਿੰਘ, ਸੰਦੀਪ ਗਿੱਲ ਅਤੇ ਗੁਰਮੇਲ ਕੁਲਰੀਆਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਜਥੇਬੰਦੀਆਂ ਵੱਲੋਂ ਸਥਾਨਕ ਪੱਧਰ ”ਤੇ ਡਿਊਟੀਆਂ ਲਾਉਣ ਦੀ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸ਼ਨਾਂ ਵੱਲੋਂ ਦੂਰ ਦੁਰੇਡੇ ਡਿਊਟੀਆਂ ਲਗਾਈਆਂ ਗਈਆਂ ਜਿਸ ਕਾਰਣ ਭਾਰੀ ਧੁੰਦ ਹੋਣ ਕਾਰਣ ਅਨੇਕਾਂ ਅਧਿਆਪਕ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਜੋਖ਼ਮ ਵਿਚ ਪਾ ਕੇ ਡਿਊਟੀ ਵਾਲੇ ਸਥਾਨ ”ਤੇ ਪੁੱਜੇ। ਅਧਿਆਪਕ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਸੰਘਰਸ਼ ਨੂੰ ਅੱਗੇ ਵਧਾਉਣਗੀਆਂ ਅਤੇ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।










